SjS Computer Solutions

SjS Computer Solutions
Deals in:- CCTV Camera, Computer Hardware, Laptops, Video Door Phone, LED Sine Board,,,,,,,,,,,,,,,,,,,,,,,,,,,,,,,,,,,,,,, 09876756858

Menu



Wednesday, June 10, 2009

ਸ੍ਰੀ ਗੁਰੂ ਗਰੰਥ ਸਾਹਿਬ ਜੀ

ਸ੍ਰੀ ਗੁਰੂ ਗਰੰਥ ਸਾਹਿਬ ਜੀ ਸ਼ਬਦ ਰੂਪ ਦੇ ਗੁਰੂ ਹਨ | ਸ੍ਰੀ ਗੁਰੂ ਗਰੰਥ ਸਾਹਿਬ- ਆਦਿ ਗਰੰਥ ਯਾ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਕਰਕੇ ਵੀ ਜਾਣੇ ਜਾਂਦੇ-ਅੱਜ ਸਿਖਾਂ ਦੇ ਸ਼ਾਖਸਾਤ ਗੁਰੂ ਹਨ।ਇਨ੍ਹਾਂ ਪਦਿਆਂ ਵਿਚ ਮੂਲ ਸ਼ਬਦ ਹੈ ਗਰੰਥ ਜਿਸ ਦਾ ਲਫ਼ਜ਼ੀ ਅਰਥ ਹੈ ਕਿਤਾਬ।ਸਾਹਿਬ ਤੇ ਸ੍ਰੀ ,ਸਾਹਿਬ ਸਤਕਾਰ ਦੇ ਲਖਾਇਕ ਹਨ,ਗੁਰੂ ਸ਼ਬਦ ਗੁਰਿਆਈ ਦੇ ਵਾਰਸ ਹੋਣ ਨਾਲ ਸੰਬੰਧ ਰਕਦਾ ਹੈ ਅਤੇ ਆਦਿ ਦੇ ਲਫ਼ਜ਼ੀ ਮਾਹਿਨੇ ਹਨ ਮੁਢਲਾ ਯਾ ਪਹਿਲਾ, ਜੋ ਇਸ ਗਰੰਥ ਨੁੰ ਸਿਖਾਂ ਦੀ ਦੂਸਰੀ ਪਵਿੱਤਰ ਪੁਸਤਕ ‘ਦਸਮ ਗਰੰਥ’ਜਿਸ ਵਿਚ ਦਸਵੈਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਹਨ ਤੌਂ ਨਿਖੇੜਦਾ ਹੈ। ਗੁਰੂ ਗਰੰਥ ਸਾਹਿਬ ਦਿਾਂ ਰਚਨਾਵਾਂ ਦੇ ਰਚਨਹਾਰੇ ਵਖ ਵਖ ਸ਼੍ਰੇਣਿਆਂ ਤੇ ਫਿਰਕਿਅਨਾਲ ਸੰਭੰਧ ਰਖਦੇ ਹਨ ,ਉਨ੍ਹਾਂ ਵਿਚ ਹਿੰਧੂ ਹਨ,ਮੁਸਲਮਾਨ ਹਨ ਅਤੇ ਨੀਵੀਆਂ ਤੇ ਉਚੀਆਂ ਜਾਤਾਂ ਦੇ ਵੀ ਹਨ। ਜਿੰਨੇ ਵਖ ਵਖ ਰਚਨਹਾਰੇ ਹਨ ਉਨ੍ਹੀਆਂ ਹੀ ਹਨ ਇਸ ਵਿਚ ਰਾਗ ਤੇ ਰਾਗਨੀਆਂ।ਸਾਰੇ ਮਜ਼ਮੂਨ ਨੂੰ ਵਖ ਵਖ ਤਰ੍ਹਾਂ ਦੇ ਕਾਵ ਰੂਪਾਂ ਵਿਚ ਪ੍ਰਗਟਾਇਆ ਹੈ। ੩੧ ਰਾਗ ਵਰਤੇ ਗਏ ਹਨ। ਉਨ੍ਹਾਂ ਨੂੰ ਪਦਿਆਂ,ਅਸਟਪਦੀਆਂ ਤੇ ੪ ਲਾਇਨਾਂ ਵਾਲੇ ਸਲੋਕਾਂ ਵਿਚ ਕਲਮਬੰਦ ਕੀਤਾ ਹੈ। ਲੰਬੀਆਂ ਰਚਨਾਵਾਂ ਵਾਰਾਂ ਦੇ ਰੂਪ ਵਿਚ ਹਨ।ਇਨ੍ਹਾਂ ਸਭ ਰਚਨਾਵਾਂ ਨੂੰ ਰਾਗਾਂ ਦੇ ਅਧਿਆਇਆਂ ਵਿਚ ਕਰਤੇ ਦੇ ਕ੍ਰਮ ਅਨੁਸਾਰ ਰਖਿਆ ਗਿਆ ਹੈ।੧੪੩੦ ਅੰਗਾਂ ਵਾਲੀ ਬੀੜ ਜਿਸ ਨੂੰ ਸਿਖਾਂ ਦੀ ਪ੍ਰਤਿਨਿਧ ਸਭਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੌਂ ਇਸ ਰੂਪ ਵਿਚ ਛਾਪਣ ਦੀ ਮਾਨਤਾ ਹੈ ਇਕ ਮਿਆਰ ਬਣ ਗਈ ਹੈ । ਇਸ ਰੂਪ ਵਿਚ ਪੰਨਿਆਂ ਦਾ ਕ੍ਰਮ ਹੇਠ ਲਿਖੇ ਅਨੁਸਾਰ ਹੈ- ਤਤਕਰਾ(੧-੧੩),ਸਿਰੀ ਰਾਗ(੧੪-੯੩),ਮਾਝ(੯੪-੧੫੦),ਗਉੜੀ(੧੫੧-੩੪੬),ਆਸਾ(੩੪੭-੪੮੮),ਗੂਜਰੀ(੪੮੯-੫੨੬),ਦੇਵਗੰਧਾਰੀ(੫੨੭-੫੩੬),ਬਿਹਾਗੜਾ(੫੩੭-੫੫੬),ਵਡਹੰਸ(੫੫੭-੫੯੪),ਸੋਰਠ(੫੯੫-੬੫੯),ਧਨਾਸਰੀ(੬੬੦-੬੯੫),ਜੈਤਸਰੀ(੬੯੬-੭੧੦),ਟੋਡੀ(੭੧੧-੭੧੮),ਬੈਰਾੜੀ(੭੧੯-੭੨੦),ਤੈਲੰਗ(੭੨੧-੭੨੭),ਸੂਹੀ(੭੨੮-੭੯੪),ਬਿਲਾਵਲ(੭੯੫-੮੫੮),ਗੌਂਡ(੮੫੪-੮੭੫),ਰਾਮਕਲੀ(੮੭੬-੯੭੪),ਨਟ ਨਰਾਇਣ(੯੭੫-੯੮੩),ਮਾਲਿ ਗਉੜਾ(੯੮੪-੯੮੮),ਮਾਰੂ(੯੮੯-੧੧੦੬),ਤੁਖਾਰੀ(੧੧੦੭-੧੧੧੭),ਕੇਦਾਰਾ(੧੧੧੮-੧੧੨੪),ਭੈਰਉ(੧੧੨੫-੧੧੬੭),ਬੈਸੰਤ(੧੧੫੮-੧੧੯੬),ਸਾਰੰਗ(੧੧੯੭-੧੨੫੩),ਮਲਾਰ(੧੨੫੪-੧੨੯੩),ਕਾਨੜਾ(੧੨੯੪-੧੩੧੮),ਕਲਿਆਣ(੧੩੧੯-੧੩੨੬),ਪਰਭਾਤੀ(੧੩੨੭-੧੩੫੧),ਜੈਜਾਵੰਤੀ(੧੩੫੨-੧੩੫੩),ਸਲੋਕ ਸਹਸਕ੍ਰਿਤੀ(੧੩੫੩-੧੩੬੦),ਗਾਥਾ,ਫ਼ੁਨਹੇ ਤੇ ਚਉਬੋਲੇ(੧੩੬੦-੧੩੬੪),ਸਲੋਕ ਕਬੀਰ(੧੩੬੪-੧੩੭੭),ਸਲੋਕ ਫ਼ਰੀਦ(੧੩੭੭-੧੩੮੪),ਸਵੱਈਏ(੧੩੮੫-੧੪੦੯),ਸਲੋਕ ਵਾਰਾਂ ਤੌਂ ਵਧੀਕ(੧੪੧੦-੧੪੨੯),ਮੁੰਦਾਵਣੀ ਤੇ ਰਾਗਮਾਲਾ(੧੪੨੯-੧੪੩੦) ਗੁਰੂ ਗਰੰਥ ਸਾਹਿਬ ਵਿਚ ਭਗਤ ਬਾਣੀ ਭਗਤਾਂ ਦੀ ਬਾਣੀ: ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚੋਂ 22 ਰਾਗਾਂ ਵਿਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ, ਅਤੇ ਭਗਤ-ਬਾਣੀ ਵਿਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਭੀ ਹਨ । ਭਗਤ ਬਾਣੀ ਦੇ ਸ਼ਬਦਾਂ ਦਿ ਗਿਣਤੀ ਭਗਤ ਸ਼ਬਦ ਭਗਤ ਸ਼ਬਦ ਕਬੀਰ ਜੀ 224 ਭੀਖਨ ਜੀ 2 ਨਾਮਦੇਵ ਜੀ 61 ਸੂਰਦਾਸ ਜੀ 1 (ਸਿਰਫ਼ ਤੁਕ) ਰਵਿਦਾਸ ਜੀ 40 ਪਰਮਾਨੰਦ ਜੀ 1 ਤ੍ਰਿਲੋਚਨ ਜੀ 4 ਸੈਣ ਜੀ 1 ਫਰੀਦ ਜੀ 4 ਪੀਪਾ ਜੀ 1 ਬੈਣੀ ਜੀ 3 ਸਧਨਾ ਜੀ 1 ਧੰਨਾ ਜੀ 3 ਰਾਮਾਨੰਦ ਜੀ 1 ਜੈਦੇਵ ਜੀ 2 ਗੁਰੂ ਅਰਜਨ ਦੇਵ ਜੀ 3 ਜੋੜ 352 ਸ਼ਬਦਾਂ ਤੋਂ ਇਲਾਵਾ ਗਉੜੀ ਰਾਗ ਵਿਚ ਕਬੀਰ ਜੀ ਦੀਆਂ 3 ਹੋਰ ਬਾਣੀਆਂ ਹਨ- ਬਾਵਨ ਅਖਰੀ, ਪੰਦ੍ਰਹ ਥਿਤੀ, ਸਤ ਵਾਰ। ਕਬੀਰ ਜੀ ਅਤੇ ਫਰੀਦ ਜੀ ਦੇ ਸ਼ਲੋਕਾਂ ਦੇ ਸੰਗ੍ਰਹ ਭੀ ਹਨ:- ਕਬੀਰ ਜੀ = 243 (ਇਹਨਾਂ ਸ਼ਲੋਕਾਂ ਵਿਚ ਗੁਰ-ਵਿਅਕਤੀਆਂ ਦੇ ਭੀ ਕੁਝ) ਫਰੀਦ ਜੀ = 130 ਸ਼ਲੋਕ ਹਨ ਭੱਟ ਆਤੇ ਬਾਬਾ ਸੁੰਦਰ ਜੀ ਦੀ ਬਾਣੀ ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ’ ਰਾਗ ਰਾਮਕਲੀ ਵਿਚ ਹੈ। = 6 ਪਉੜੀਆਂ । ਹੇਠ ਲਿਖੇ ਭੱਟਾਂ ਦੇ ਸਵਯੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ:- (1) ਕੱਲਸਹਾਰ (2) ਜਾਲਪ (3) ਕੀਰਤ (4) ਭਿੱਖਾ (5) ਸਲ੍ਹ (6) ਭਲ੍ਹ (7) ਨਲ੍ਹ (8) ਬਲ੍ਹ (9) ਗਯੰਦ (10) ਹਰਿਬੰਸ ਭਾਈ ਗੁਰਦਾਸ ਦੀ ਉਗਾਹੀ ਮੂਜਬ ਭਾਦੌਂ ਵਦੀ ਏਕਮ ਸੰਮਤ ੧੬੬੧/੧ ਅਗਸਤ ੧੬੦੪ ਵਾਲੇ ਦਿਨ ਇਹ ਸੰਕਲਨ ਮੁਕੰਮਲ ਹੋਇਆ। ਉਸ ਉਪਰੰਤ ਇਸ ਗਰੰਥ ਦਾ ਤਤਕਰਾ ਤੇ ਅੰਗ ਅੰਕਿਤ ਕਰਨਾ ਸ਼ੁਰੂ ਹੋਇਆ।੭੦੦੦ ਸ਼ਬਦਾਂ ਦੇ ਇਸ ਸੰਗ੍ਰਿਹ ਵਿਚ ਉਸ ਸਮੇਂ ਪਹਿਲੇ ਪੰਜ ਗੁਰੂਆਂ ,ਭਾਰਤ ਦੇ ਵਖ ਵਖ ਸੂਬਿਆਂ ਦੇ ੧੫ ਭਗਤਾਂ ਤੇ ਸੂਫ਼ੀਆਂ ਜਿਨ੍ਹਾਂ ਵਿਚ ਸ਼ੇਖ ਫਰੀਦ,ਕਬੀਰ ਤੇ ਭਗਤ ਰਵਿਦਾਸ ਸ਼ਾਮਲ ਹਨ ਦੀ ਬਾਣੀ ਹੈ।ਇਸ ਪਵਿੱਤਰ ਗਰੰਥ ਦੇ ੯੭੪ ਪਤਰੇ ਸਨ ਜਿਨ੍ਹਾਂ ਦੇ ੧੨”x੮”ਅਕਾਰ ਦੇ ੧੯੪੮ ਪੰਨੇ ਬਣਦੇ ਹਨ। ਇਨ੍ਹਾਂ ਵਿਚ ਕਈ ਖਾਲੀ ਪੰਨੇ ਵੀ ਸਨ । ਉਹ ਜਗ੍ਹਾਂ ਜਿਥੇ ਗੁਰੂ ਅਰਜਨ ਸਾਹਿਬ ਨੇ ਇਹ ਗਰੰਥ ਦਾ ਸੰਕਲਨ ਕੀਤਾ ਉਥੇ ਹੁਣ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਥਿਤ ਹੈ। ਗੁਰਿਆਈ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਗੁਰਿਆਈ (ਗੁਰਤਾ ਗੱਦੀ) ਬਾਰੇ ਭੱਟ ਵਹੀ (ਤਾਲੁਦਾ ਜੀਂਦ ਪਰਗਨੇ ਦਾ) ਵਿਚ ਇਉਂ ਦਰਜ ਹੈ:- “ਗੁਰੂ ਗੋਬਿੰਦ ਸਿੰਘ ਮਹਿਲ ਦਸਮਾਂ ਬੇਟਾ ਗੁਰੂ ਤੇਗ ਬਹਾਦੁਰ ਕਾ ਪੋਤਾ ਹਰਿਗੋਬਿੰਦ ਜੀ ਕਾ ਪੜਪੋਤਾ ਗੁਰੂ ਅਰਜਨ ਕਾ ਵਾਰਿਸ ਗੁਰੂ ਰਾਮਦਾਸ ਜੀ ਕੀ ਸੂਰਜਬੰਸਿ ਗੋਸਾਲ ਗੋਤਰ ਸੋਢੀ ਖਤਰੀ ਵਾਸੀ ਅਨੰਦਪੁਰ ਪਰਗਨਾ ਕਹਿਲੂਰ ਮੁਕਾਮ ਨੰਦੇੜ ਤਟ ਗੁਦਾਵਰੀ ਦਖਣ ਦੇਸ ਸੰਮਤ ਸਤਾਰਾ ਸੌ ਪੈਂਸਠ ਕਾਤਿਕ ਮਾਸ ਕੀ ਚੌਥ ਸ਼ੁਕਲ ਪਖੇ ਬੂਦਵਾਰ ਕੇ ਦਿਹੁਰੀ ਭਾਈ ਦਇਆ ਸਿੰਘ ਸੇ ਬਚਨ ਹੋਇਆਂ ਸ੍ਰੀ ਗੁਰੂ ਗਰੰਥ ਸਾਹਿਬ ਲੈ ਆਓ।ਬਚਨ ਪਾਇ ਦਇਆ ਸਿੰਘ ਸ੍ਰੀ ਗਰੰਥ ਸਾਹਿਬ ਲੈ ਤਾਏ। ਗੁਰੂ ਜੀ ਨੇ ਪੰਜ ਪੈਸੇ ਨਰੇਲ ਅਗੇ ਭੇਟਾ ਰਖਾ ਮਥਾ ਟੇਕਾ ਸਰਬਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰਿ ਜਗ੍ਹਾ ਸ੍ਰੀ ਗਰੰਥ ਜਿ ਕੋ ਜਾਨਣਾ । ਜੋ ਸਿਖ ਜਾਣੇਗਾ ਓਸ ਕੀ ਘਾਲ ਥਾਏ ਪਵੇਗੀ ਗੁਰੂ ਤਿਸ ਕੀ ਬਹੁੜੀ ਕਰੇਗਾ।“ ਗੁਰੂ ਗਰੰਥ ਸਾਹਿਬ ੧੯੧੪ ਦੀ ਵਿਸ਼ਵ ਜੰਗ ਦੌਰਾਨ ਮੈਸੋਪਟਾਮੀਆ ਵਿਚ ਕਿਧਰੇ ਸਿਖ ਮਾਰਚਿੰਗ ਕਾਲਮ ਦੀ ਅਗਵਾਈ ਕਰਦੇ ਹੋਏ ‘ਗੁਰੂ ਗਰੰਥ ਸਾਹਿਬ ਸਦੀਵੀ ਗੁਰੂ ਹਨ’। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੌਂ ਬਾਦ ਸਿਖ ਸਮਾਜ ਦੀ ਇਹੀ ਸੋਚ ਤੇ ਅਕੀਦਾ ਹੈ। ਸਿਖਾਂ ਦੇ ਔਕੁੜ ਭਰੇ ਸਮੇਂ ਵੀ ,ਜਦੌਂ ਉਨ੍ਹਾਂ ਨੂੰ ਗੈਰ-ਕਨੂੰਨੀ ਕਰਾਰ ਦਿਤਾ ਗਿਆ ਤੇ ਉਨ੍ਹਾਂ ਨੂੰ ਜੰਗਲਾਂ ਵਿਚ ਸ਼ਰਨ ਲੈਣੀ ਪਈ ,ਸਿਖਾਂ ਦੀ ਸਭ ਤੌਂ ਵਡਮੁੱਲੀ ਸ਼ੈ ਗੁਰੂ ਗਰੰਥ ਸਾਹਿਬ ਹੀ ਸੀ ਜਿਸ ਉਤੇ ਉਂ੍ਹਾਂ ਨੂੰ ਸਭ ਤੌਂ ਵੱਧ ਮਾਣ ਸੀ ਅਤੇ ਜਿਸ ਨੂੰ ਉਨ੍ਹਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਸਭ ਤੌਂ ਵੱਧ ਮਹਿਫ਼ੂਜ਼ ਰਖਿਆ।ਹੋਰ ਕਿਸੇ ਨੂੰ ਉਨ੍ਹਾਂ ਇਸ ਪਵਿੱਤਰ ਪੁਸਤਕ ਦੀ ਬਰਾਬਰੀ ਨਹੀਂ ਕਰਨ ਦਿਤੀ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ,ਜਿਸ ਨੇ ਖਾਲਸਾ ਦੇ ਨਾਂ ਤੇ ਸੁਤੰਤਰ ਸਾਮਰਾਜ ਕਾਇਮ ਕੀਤਾ,ਸ਼ਖਸੀ ਅਚਾਰ ਵਿਚਾਰ ਤੇ ਦਰਬਾਰੀ ਕਾਰ ਵਿਹਾਰ ਗੁਰੂ ਗਰੰਥ ਸਾਹਿਬ ਉਦਾਲੇ ਹੀ ਕੇਂਦ੍ਰਿਤ ਸੀ।ਜਿਵੇਂ ਕਿ ਸਮਕਾਲੀ ਦਸਤਾਵੇਜ਼ਾਂ ਤੌਂ ਪਤਾ ਲਗਦਾ ਹੈ ਰਣਜੀਤ ਸਿੰਘ ਆਪਣਾ ਦਿਨ ਗੁਰੂ ਗਰੰਥ ਸਾਹਿਬ ਦੀ ਇਬਾਦਤ ਤੌਂ ਬਾਦ ਹੀ ਸ਼ੁਰੂ ਕਰਦਾ ਸੀ।ਦਿਨਾਂ ਦਿਹਾਰਾਂ ਤੇ ਉਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਗਰੰਥ ਸਾਹਿਬ ਅੱਗੇ ਸੀ ਨਿਵਾਉਣ ਜਾਇਆ ਕਰਦਾ ਸੀ।ਸਿਖਾਂ ਵਾਸਤੇ ਕੇਵਲ ਗੁਰੂ ਗਰੰਥ ਸਾਹਿਬ ਹੀ ਇਕੋਇਕ ਧਾਰਮਿਕ ਇਬਾਦਤ ਦਾ ਮਰਕਜ਼ ਹਨ। ਇਸ ਤੌਂ ਇਲਾਵਾ ਮਨੁਖ ਦੀ ਸ਼ਕਲ ਵਿਚ ਯਾ ਚਿਨ੍ਹ ਦੀ ਸ਼ਕਲ ਵਿਚ ਹੋਰ ਕੁਝ ਵੀ ਨਹੀਂ। ਗੁਰੂ ਗੋਬਿੰਦ ਸਿੰਘ ਉਪਰੰਤ ਇਸ ਪਵਿੱਤਰ ਪੁਸਤਕ ਨੂੰ ਹੀ ਗੁਰੂ ਕਰਕੇ ਜਾਣਿਆ ਜਾਂਦਾ ਹੈ।

ਪੰਜ ਕਕਾਰ

ਕੇਸਕੀ- ਅਕਾਲ ਪੁਰਖ ਦੀ ਮੋਹਰ ਹਨ,ਸਿੱਖ ਗੁਰੂ ਦਾ ਹੁਕਮ ਮੰਨ ਕੇ ਕੇਸਾਂ ਦੀ ਸੰਭਾਲ ਲਈ ਦਸਤਾਰ ਅਤੇ ਕੇਸਕੀ ਸਜਾਉਂਦੇ ਹਨ ਤੇ ਇਨ੍ਹਾਂ ਨੂੰ ਸਦਾ ਲਈ ਕਾਇਮ ਰੱਖਦੇ ਹਨ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਬੇਅਦਬੀ ਨਾ ਕਰਕੇ ਗੁਰੂ ਦੀ ਬਖਸ਼ਸ਼ ਲੈਂਦੇ ਹਨ. ਕੰਘਾ- ਕੇਸ ਜੋ ਗੁਰੂ ਦੀ ਮੋਹਰ ਹਨ ਉਹਨਾਂ ਦੀ ਸਫਾਈ ਸੰਭਾਲ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਕਕਾਰ ਦੇ ਤੌਰ ਤੇ ਕੰਘਾ ਬਖਸ਼ਿਆ ਹੈ, ਜੋ ਸਿੱਖ ਨੇ ਉਹਨਾਂ ਦੇ ਹੁਕਮ ਅਨੁਸਾਰ ਕੇਸਾਂ ਵਿੱਚ ਰੱਖਦਾ ਹੈ. ਕੰਘਾ ਜਿੱਥੇ ਕੇਸਾਂ ਦੀ ਸਫਾਈ ਕਰਦਾ ਹੈ ,ਉੱਥੇ ਸਾਨੂੰ ਦਰਸਾਉਂਦਾ ਹੈ ਕਿ ਕੇਸਾਂ ਦੀ ਸਫਾਈ ਦੇ ਨਾਲ ਨਾਲ ਮਨ ਦੀ ਸਫਾਈ ਵੀ ਕੀਤੀ ਜਾਏ. ਕੜਾ- ਕੜਾ ਦਰਸਾਉਂਦਾ ਹੈ ਕਿ ਸਿੱਖ ਹੁਣ ਗੁਰੂ ਵਾਲਾ ਬਣ ਗਿਆ ਹੈ ਅਤੇ ਇਸ ਪ੍ਰਤਿਗਿਆ ਨੂੰ ਨਿਭਾਉਣ ਲਈ ਸਿੱਖ ਦੇ ਅੰਦਰ ਲੋਹੇ ਵਰਗੀ ਦ੍ਰਿੜਤਾ ਅਤੇ ਬਲ ਪੈਦਾ ਹੋਣਾ ਚਾਹੀਦਾ ਹੈ. ਕੜਾ ਸੁਚੇਤ ਕਰਦਾ ਹੈ ਕਿ ਉਹ ਗੁਰੂ ਦਾ ਸਿੱਖ ਹੈ ਅਤੇ ਹੁਣ ਉਸ ਨੇ ਗੁਰਮਤ ਦੇ ਨਿਯਮ ਪਾਲਣੇ ਹਨ ਅਤੇ ਕੋਈ ਕੁਕਰਮ ਨਹੀਂ ਕਰਨਾ. ਕਿਰਪਾਨ- ਕਿਰਪਾਨ ਗੁਰੂ ਸਾਹਿਬ ਦੀ ਬਖਸ਼ਸ਼ ਅਤੇ ਹਉਮੇ ਤੇ ਹੰਕਾਰ ਨੂੰ ਮਾਰਨ ਵਾਲੀ ਸ਼ਕਤੀ ਦਾ ਚਿਨ੍ਹ ਹੈ .ਕਿਰਪਾਨ ਸਦਾ ਗਾਤਰੇ ਵਿੱਚ ਰੱਖਣੀ ਹੈ ਅਤੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸਰੀਰ ਤੇ ਧਾਰਨ ਕਰਨੀ ਹੈ. ਬੁਰਾਈਆਂ ਦੇ ਅਧੀਨ ਭੈੜੇ ਮਨੁੱਖ ਜੁਲਮ ਕਰਦੇ ਹਨ, ਉਨ੍ਹਾਂ ਤੋਂ ਆਪਣੇ ਆਪ ਦੀ ਅਤੇ ਮਾਨਵਤਾ ਦੀ ਰੱਖਿਆ ਕਰਨ ਦੀ ਪ੍ਰੇਰਨਾ ਕਰਦੀ ਹੈ. ਕਛਹਿਰਾ- ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਪਹਿਨਣਾ ਜਰੂਰੀ ਹੈ. ਗੁਰੂ ਸਾਹਿਬ ਜੀ ਦੀ ਇਹ ਬਖਸ਼ੀ ਹੋਈ ਦਾਤ ਸਿੱਖ ਨੂੰ ਆਪਣੀਆਂ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਤੇ ਕਾਬੂ ਕਰਨ ਦੀ ਸਿੱਖਿਆ ਦਿੰਦੀ.

ਗੁਰੂ ਗੋਬਿੰਦ ਸਿੰਘ ਜੀ

ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ੨੨ ਦਸੰਬਰ ੧੬੬੬ ਈ: ਨੂੰ ਪਟਨਾ, ਬਿਹਾਰ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਇਨਕਲਾਬੀ ਰਹਿਬਰ : ਗੁਰੂ ਗੋਬਿੰਦ ਸਿੰਘ ਜੀ, ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਇਨਕਲਾਬੀ ਯੋਧੇ ਹੋਏ ਹਨ, ਜਿਨ੍ਹਾਂ ਨੇ ਸਦੀਆਂ ਤੋਂ ਜਬਰ-ਜ਼ੁਲਮ ਦੀਆਂ ਸੱਟਾਂ ਨਾਲ ਮਿੱਧੇ-ਮਧੋਲੇ ਹਿੰਦੁਸਤਾਨੀ ਸਮਾਜ ਵਿਚ ਨਵੀਂ ਰੂਹ ਫੂਕੀ ਅਤੇ ਲੋਕਾਂ ਦੇ ਮਨਾਂ ਵਿਚੋਂ ਹਕੂਮਤੀ ਜਬਰ ਦੇ ਸਹਿਮ ਨੂੰ ਦੂਰ ਕਰਨ ਲਈ ਹਥਿਆਰਬੰਦ ਖਾਲਸਾ-ਪੰਥ ਦੀ ਸਿਰਜਨਾ ਕੀਤੀ। ਉਨ੍ਹਾਂ ਨੇ ਹਿੰਦੁਸਤਾਨੀ ਲੋਕਾਂ ਦੀ ਸੁੱਤੀ ਹੋਈ ਆਤਮਾ ਨੂੰ ਹਲੂਣਿਆ ਅਤੇ ਇੱਜ਼ਤ ਸਵੈਮਾਨ ਨਾਲ ਜ਼ਿੰਦਗੀ ਜੀਣ ਲਈ ਪ੍ਰੇਰਿਆ। ਗੁਰੂ ਜੀ ਨੂੰ ਇਕ ਪਾਸੇ ਕੱਟੜ ਮੁਗ਼ਲ ਹਕੂਮਤ ਅਤੇ ਦੂਜੇ ਪਾਸੇ ਬੋਦੀਆਂ ਧਾਰਮਿਕ ਪਰੰਪਰਾਵਾਂ ਦੀ ਧਾਰਨੀ ਸਨਾਤਨੀ ਜਮਾਤ ਦੇ ਨਾਲ ਨਾਲ ਪਹਾੜੀ ਰਾਜਿਆਂ ਦੀ ਈਰਖਾ ਦਾ ਸੰਤਾਪ ਵੀ ਹੰਢਾਉਣਾ ਪਿਆ। ਇਨ੍ਹਾਂ ਸਮਾਜ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਗੁਰੂ ਜੀ ਨੂੰ ਜ਼ਿੰਦਗੀ ਭਰ ਸੰਘਰਸ਼ ਕਰਨਾ ਪਿਆ। ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਉਦੇਸ਼ ਸੱਚ ਧਰਮ ਦੀ ਸਥਾਪਨਾ ਲਈ ਮਜ਼ਲੂਮਾਂ ਤੇ ਨਿਤਾਣਿਆਂ ਦੀ ਰਾਖੀ ਕਰਨਾ ਅਤੇ ਹਰ ਤਰ੍ਹਾਂ ਦੇ ਜਬਰ-ਜ਼ੁਲਮ ਦਾ ਟਾਕਰਾ ਕਰਨਾ ਸੀ ਕਿਉਂਕਿ ਉਨ੍ਹਾਂ ਨੇ ਭਾਂਪ ਲਿਆ ਸੀ ਕਿ ਸਮਾਜ ਦੇ ਪਤਨ ਜਾਂ ਅਧਰਮ ਦੇ ਬੋਲਬਾਲੇ ਦਾ ਮੁੱਖ ਕਾਰਨ ਲੋਕਾਂ ਦੀ ਗ਼ੁਲਾਮ ਮਾਨਸਿਕਤਾ ਹੈ। ਉਨ੍ਹਾਂ ਦੁਆਰਾ ਜੰਗਾਂ ਲੜਨ ਦਾ ਮਨੋਰਥ ਲੋਕਾਂ ਨਾਲ ਹੋ ਰਹੇ ਜਬਰ ਜਾਂ ਧੱਕੇਸ਼ਾਹੀ ਨੂੰ ਰੋਕਣਾ ਸੀ। ਧਰਮ ਦੀ ਸਥਾਪਨਾ, ਨੇਕ-ਜਨਾਂ ਦੀ ਰਖਿਆ ਅਤੇ ਦੁਸ਼ਟਾਂ ਦੇ ਨਾਸ਼ ਕਰਨ ਦੇ ਆਪਣੇ ਜੀਵਨ-ਉਦੇਸ਼ ਨੂੰ ਆਪ ਬਚਿਤ੍ਰ ਨਾਟਕ ਵਿਚ ਸਪਸ਼ਟ ਕਰਦੇ ਹਨ: ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥ ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ ਦੋਖੀਅਨਿ ਪਕਰਿ ਪਛਾਰੋ॥42॥... ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥43॥ ਦਸਮੇਸ਼ ਪਿਤਾ ਜੀ ਨੇ ਅਖੌਤੀ ਧਾਰਮਿਕ ਲੋਕਾਂ ਵੱਲੋਂ ਕੀਤੇ ਜਾ ਰਹੇ ਪਾਖੰਡਾਂ ਦਾ ਖ਼ੂਬ ਪਾਜ ਉਘੇੜਿਆ। ਆਪਣੀ ਬਾਣੀ ਵਿਚ ਉਨ੍ਹਾਂ ਨੇ ਇਨ੍ਹਾਂ ਪਾਖੰਡਾਂ ਅਤੇ ਕਰਮਕਾਂਡਾਂ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸੱਚੇ-ਸੁੱਚੇ ਜੀਵਨ ਦੇ ਧਾਰਨੀ ਹੋਣ ਲਈ ਪ੍ਰੇਰਿਆ। ਆਪ ਜੀ ਆਪਣੀ ਬਾਣੀ ਵਿਚ ਦੱਸਦੇ ਹਨ ਕਿ ਮੂਰਤੀ-ਪੂਜਾ, ਬੁੱਤ-ਪੂਜਾ, ਤੀਰਥ ਯਾਤਰਾ ਜਾਂ ਬਗੁਲ ਸਮਾਧੀਆਂ ਨਾਲ ਅਕਾਲ ਪੁਰਖ ਦੀ ਭਗਤੀ ਨਹੀਂ ਹੋ ਸਕਦੀ। ਕਹਿਣ ਤੋਂ ਭਾਵ ਗੁਰੂ ਜੀ ਨੇ ਪ੍ਰਚੱਲਤ ਅਖੌਤੀ ਧਾਰਮਿਕ ਵਿਸ਼ਵਾਸਾਂ ਦਾ ਖੰਡਨ ਬੇਖ਼ੌਫ ਹੋ ਕੇ ਕੀਤਾ ਅਤੇ ਲੋਕਾਂ ਨੂੰ ਸੱਚ ਮਾਰਗ ਦੇ ਧਾਰਨੀ ਹੋਣ ਲਈ ਪ੍ਰੇਰਿਆ: ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ॥ ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ ਲੋਕ ਗਯੋ ਪਰਲੋਕ ਗਵਾਇਓ॥ ਬਾਸ ਕੀਓ ਬਿਖਿਆਨ ਸੋਂ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ॥ ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥9॥ ਅਜੋਕੀ ਦੁਨੀਆਂ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਸਤਿਕਾਰ ਦੀ ਬਹਾਲੀ ਲਈ ਤਰਲੇ ਲੈ ਰਹੀ ਹੈ। ਪਰ ਧੰਨ ਹਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਅੱਜ ਤੋਂ ਤਿੰਨ ਸਦੀਆਂ ਪਹਿਲਾਂ ਇਹ ਐਲਾਨ ਕਰ ਦਿੱਤਾ ਕਿ ਸਮੁੱਚੀ ਮਨੁੱਖਤਾ ਵਿਚ ਇਕ ਅਕਾਲ ਪੁਰਖ ਦੀ ਜੋਤ ਕੰਮ ਕਰ ਰਹੀ ਹੈ; ਸਾਰੇ ਇਕੋ ਮਿੱਟੀ ਦੇ ਬਣੇ ਹੋਏ ਹਨ, ਇਸ ਲਈ ਹਿੰਦੂ, ਮੁਸਲਮਾਨ, ਜੋਗੀ ਆਦਿ ਫਿਰਕੂ ਵੰਡੀਆਂ ਦੇ ਆਧਾਰ ਤੇ ਮਨੁੱਖਤਾ ਨੂੰ ਵੰਡਣਾ ਜਾਇਜ਼ ਨਹੀਂ। ਇਸ ਲਈ ਉਸੇ ਇਕ ਨੂੰ ਮੰਨਦਿਆਂ ਹੋਇਆਂ ਸਭ ਨੂੰ ਉਸੇ ਦਾ ਸਰੂਪ ਸਮਝਣਾ ਚਾਹੀਦਾ ਹੈ: ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥ ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥...॥15॥85॥ ਸਭ ਤੋਂ ਇਨਕਲਾਬੀ ਗੱਲ ਗੁਰੂ ਸਾਹਿਬ ਨੇ ਇਹ ਕੀਤੀ ਕਿ ਉਨ੍ਹਾਂ ਦੱਬੇ-ਕੁਚਲੇ, ਲਿਤਾੜੇ ਹੋਏ ਲੋਕਾਂ, ਗਰੀਬ ਕਿਰਤੀਆਂ ਤੇ ਨਿਤਾਣਿਆਂ ਨੂੰ ਗਲ਼ ਨਾਲ ਲਾਇਆ। ਸਦੀਆਂ ਤੋਂ ਗ਼ੁਲਾਮੀ ਅਤੇ ਜਹਾਲਤ ਦੀ ਜ਼ਿੰਦਗੀ ਜੀਅ ਰਹੇ ਲੋਕਾਂ ਵਿਚ ਅਣਖ ਅਤੇ ਸਵੈਮਾਨ ਦੀ ਭਾਵਨਾ ਨੂੰ ਜਗਾ ਦਿੱਤਾ। ਇਹੀ ਲੋਕ ਗੁਰੂ ਕਿਰਪਾ ਦੇ ਪਾਤਰ ਬਣ ਕੇ ਖਾਲਸਾ ਸਜੇ ਅਤੇ ਗੁਰੂ ਨਜ਼ਰਾਂ ਵਿਚ ਪ੍ਰਵਾਨ ਚੜ੍ਹੇ। ਗੁਰੂ ਜੀ ਇਨ੍ਹਾਂ ਦੇ ਕਿਰਦਾਰ ਤੇ ਤਸੱਲੀ ਪ੍ਰਗਟ ਕਰਦੇ ਕਹਿੰਦੇ ਹਨ: ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀਂ ਮੋ ਸੇ ਗਰੀਬ ਕਰੋਰ ਪਰੇ॥52॥ (ਅਸਫੋਟਕ ਕਬਿੱਤ ਸਵੈਯਾ) ਦੁਨੀਆਂ ਦੇ ਹੋਰਨਾਂ ਧਾਰਮਿਕ ਰਹਿਬਰਾਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਪਰਮਾਤਮਾ ਨਹੀਂ ਅਖਵਾਇਆ, ਆਪਣਾ ਨਾਮ ਨਹੀਂ ਜਪਾਇਆ ਅਤੇ ਨਾ ਹੀ ਆਪਣੇ ਨਾਮ ਦਾ ਧਰਮ ਚਲਾਇਆ। ਆਪਣੇ ਆਪ ਨੂੰ ਅਕਾਲ ਪੁਰਖ, ਵਾਹਿਗੁਰੂ ਦਾ ਦਾਸ, ਸੇਵਕ ਦੱਸਦਿਆਂ, ਉਨ੍ਹਾਂ ਬੜੀ ਸਖ਼ਤ ਹਦਾਇਤ ਕੀਤੀ ਕਿ ਮੈਨੂੰ ਪਰਮਾਤਮਾ ਨਹੀਂ ਸਮਝਣਾ: ਜੋ ਹਮ ਕੋ ਪਰਮੇਸਰ ਉਚਰਿਹੈਂ॥ ਤੇ ਸਭ ਨਰਕ ਕੁੰਡ ਮਹਿ ਪਰਿਹੈਂ॥ ਮੋ ਕੌ ਦਾਸ ਤਵਨ ਕਾ ਜਾਨੋ॥ ਯਾ ਮੈ ਭੇਦ ਨ ਰੰਚ ਪਛਾਨੋ॥32॥ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਇਤਿਹਾਸ ਵਿਚ ਇਕ ਇਨਕਲਾਬੀ ਰਹਿਬਰ ਹੋਏ ਹਨ, ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਵਿਚ ਇਨਕਲਾਬੀ ਤਬਦੀਲੀ ਲਿਆਂਦੀ। ਅਜੋਕੇ ਦੇਹਧਾਰੀ ਗੁਰੂਆਂ, ਅਖੌਤੀ ਸਾਧਾਂ-ਸੰਤਾਂ ਅਤੇ ਮਹਾਤਮਾਵਾਂ ਨੂੰ ਦਸਮੇਸ਼ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਭੇਖ ਤੇ ਅਡੰਬਰ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ, ਕਰਮਕਾਂਡਾਂ ਦੇ ਭੰਬਲਭੂਸੇ ਵਿਚ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦਸਮੇਸ਼ ਪਿਤਾ ਜੀ ਦਾ ਪ੍ਰਕਾਸ਼-ਪੁਰਬ ਮਨਾਇਆ ਤਦ ਹੀ ਸਫਲਾ ਹੋਵੇਗਾ, ਜੇ ਅਸੀਂ ਉਨ੍ਹਾਂ ਦੇ ਦਰਸਾਏ ਗਾਡੀ-ਰਾਹ ਤੇ ਚੱਲਣ ਦਾ ਦ੍ਰਿੜ੍ਹਤਾ ਸਹਿਤ ਪ੍ਰਣ ਕਰੀਏ! ਸ. ਚਮਕੌਰ ਸਿੰਘ

ਗੁਰੂ ਤੇਗ ਬਹਾਦਰ ਜੀ

ਸਿੱਖ ਕੌਮ ਇਕ ਸ਼ਹੀਦਾਂ ਦੀ ਕੌਮ ਹੈ ਅਤੇ ਸਿੱਖ ਇਤਿਹਾਸ ਇਕ ਗੌਰਵਮਈ ਇਤਿਹਾਸ ਹੈ। ਜੇ ਇਉਂ ਕਹਿ ਲਿਆ ਜਾਵੇ ਕਿ ਸ਼ਹੀਦੀਆਂ ਅਤੇ ਕੁਰਬਾਨੀਆਂ ਦਾ ਦੂਸਰਾ ਨਾਮ ਸਿੱਖੀ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ। ਜਦੋਂ-ਜਦੋਂ ਵੀ ਬਦੀ ਨੇ ਸਿਰ ਚੁੱਕਿਆ, ਜ਼ੁਲਮ ਨੇ ਅੰਗੜਾਈ ਲਈ, ਚੀਕਾਂ-ਕੂਕਾਂ ਅਤੇ ਫ਼ਰਿਆਦਾਂ ਨਾਲ ਅਸਮਾਨ ਚੀਰਿਆ ਗਿਆ ਤਾਂ ਬਦੀ ਦਾ ਸਿਰ ਕੁਚਲਣ ਲਈ, ਜ਼ੁਲਮ ਦਾ ਮਲੀਆਮੇਟ ਕਰਨ ਲਈ, ਜੇ ਕੋਈ ਨਿੱਤਰਿਆ ਤਾਂ ਸਿੱਖ ਹੀ ਸੀ। ਇਸ ਤੱਥ ਦੀ ਗਵਾਹੀ ਗੌਰਵਮਈ ਸਿੱਖ ਇਤਿਹਾਸ ਦੇ ਖ਼ੂਨੀ ਪੱਤਰੇ ਭਰਦੇ ਹਨ। ਤੱਤੀਆਂ ਤਵੀਆਂ ’ਤੇ ਬੈਠਣ ਲਈ, ਆਰਿਆਂ ਨਾਲ ਚੀਰੇ ਜਾਣ ਲਈ, ਖੋਪੜੀਆਂ ਲੁਹਾਉਣ ਲਈ, ਦੇਗਾਂ ਵਿਚ ਉਬਾਲੇ ਜਾਣ ਲਈ, ਨੇਜ਼ਿਆਂ ਉੱਤੇ ਟੰਗੇ ਜਾਣ ਲਈ ਜੇ ਕਿਸੇ ਨੇ ਹੀਆ ਕੀਤਾ ਤਾਂ ਉਹ ਸਿੱਖ ਹੀ ਸਨ। ਧਰਮ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਤੇ ਮਾਨਵੀ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਦਮਾਂ ’ਤੇ ਚੱਲਦਿਆਂ ਸਿੱਖੀ ਦਾ ਜੈਕਾਰਾ ਬਣ ਕੇ ਆਏ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਲੋਕਾਈ ਵਿਚ ਸੂਰਜ ਵਾਂਗ ਚਮਕ ਰਿਹਾ ਹੈ, ਜਿਨ੍ਹਾਂ ਨੇ ਸਿਰਫ਼ ਸਿੱਖੀ ਲਈ ਹੀ ਨਹੀਂ ਬਲਕਿ ਸਮੁੱਚੀ ਮਾਨਵਤਾ ਲਈ ਕੁਰਬਾਨੀ ਦਿੱਤੀ। ਤਾਜ ਦੇ ਭੁੱਖੇ ਔਰੰਗਜ਼ੇਬ ਨੇ ਆਪਣੇ ਹੀ ਖ਼ੂਨ ਉੱਪਰ ਅਤਿਆਚਾਰ ਕਰਦਿਆਂ ਢਿੱਲ ਨਹੀਂ ਕੀਤੀ। ਉਸ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਬੰਦੀ ਬਣਾ ਕੇ ਕਾਲ ਕੋਠੜੀ ਵਿਚ ਪਾ ਦਿੱਤਾ ਅਤੇ ਆਪਣੇ ਸਕੇ ਭਰਾਵਾਂ ਨੂੰ ਮਾਰ ਕੇ ਗੱਦੀ ਸਾਂਭੀ। ਉਪਰੰਤ ਸਮੇਂ ਦਾ ਬਾਦਸ਼ਾਹ ਅਖਵਾਉਣ ਲਈ, ਇਸਲਾਮ ਧਰਮ ਵਿਚ ਆਪਣੀ ਠੁੱਕ ਬਣਾਉਣ ਲਈ, ਕੱਟੜ ਮੁਸਲਮਾਨਾਂ ਨੂੰ ਖ਼ੁਸ਼ ਕਰਨ ਅਤੇ ਸਮੁੱਚੇ ਹਿੰਦੁਸਤਾਨ ਦੀ ਧਰਤੀ ਉੱਤੇ ਇਸਲਾਮ ਨੂੰ ਪ੍ਰਵਾਨ ਚੜ੍ਹਾਉਣ ਲਈ ਉਸ ਨੇ ਅਗਲਾ ਮੋਹਰਾ ਨਿਰਦੋਸ਼ ਹਿੰਦੂਆਂ ਨੂੰ ਬਣਾਇਆ। ਹਿੰਦੂਆਂ ਨੂੰ ਇਸਲਾਮ ਕਬੂਲਣ ਲਈ ਕਿਹਾ ਗਿਆ ਅਤੇ ਨਾ ਮੰਨਣ ਉੱਤੇ ਲੋਭ ਲਾਲਚ ਵੀ ਦਿੱਤੇ ਗਏ ਪਰ ਜਦੋਂ ਉਸ ਨੂੰ ਕੋਈ ਸਫਲਤਾ ਨਾ ਮਿਲੀ ਤਾਂ ਉਸ ਨੇ ਸੂਬੇਦਾਰਾਂ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਵੇ ਅਤੇ ਹਿੰਦੁਸਤਾਨ ਦੀ ਧਰਤੀ ਤੋਂ ਪੰਡਿਤਾਂ ਤੇ ਹਿੰਦੂਆਂ ਦਾ ਨਾਮੋ-ਨਿਸ਼ਾਨ ਮਿਟਾ ਕੇ ਇਸਲਾਮ ਦੇ ਝੰਡੇ ਗੱਡ ਦਿੱਤੇ ਜਾਣ। ਨਤੀਜੇ ਵਜੋਂ ਹਿੰਦੂਆਂ ਦੇ ਮੇਲੇ ਅਤੇ ਤਿਉਹਾਰਾਂ ਉੱਪਰ ਸਖ਼ਤ ਪਾਬੰਦੀ ਲਾ ਦਿੱਤੀ ਗਈ। ਮੰਦਰਾਂ ਨੂੰ ਢਾਹ ਕੇ ਮਸੀਤਾਂ ਦੀ ਉਸਾਰੀ ਹੋਣ ਲੱਗੀ। ਬਨਾਰਸ ਸ਼ਹਿਰ ਦੇ ਅਤਿ ਵਿਸ਼ਾਲ ਅਤੇ ਪ੍ਰਸਿੱਧ ਵਿਸ਼ਵਾਨਾਥ ਦੇ ਮੰਦਰ ਅਤੇ ਸ੍ਰੀ ਕ੍ਰਿਸ਼ਨ ਜੀ ਦੀ ਜਨਮ-ਭੂਮੀ ਮਥੁਰਾ ਦੇ ਉੱਘੇ ਕੇਸ਼ਵ ਰਾਇ ਦੇ ਮੰਦਰ ਸਮੇਤ ਉਦੈਪੁਰ, ਉਜੈਨ ਅਤੇ ਜੋਧਪੁਰ ਆਦਿ ਥਾਵਾਂ ਦੇ ਮੰਦਰ ਢਾਹ ਦਿੱਤੇ ਗਏ। ਹਿੰਦੂਆਂ ਨੂੰ ਜਮਨਾ ਨਦੀ ਦੇ ਕਿਨਾਰੇ ਦਾਹ-ਸੰਸਕਾਰ ਕਰਨ ਤੋਂ ਰੋਕ ਦਿੱਤਾ ਗਿਆ। ਪਾਠਸ਼ਾਲਾਵਾਂ ਨੂੰ ਮਦਰੱਸਿਆਂ ਵਿਚ ਬਦਲ ਦਿੱਤਾ ਗਿਆ। ਹਿੰਦੂਆਂ ਪਾਸੋਂ ਜਜ਼ੀਆ ਧੱਕੇ ਨਾਲ ਵਸੂਲਿਆ ਜਾਣ ਲੱਗਾ। ਹਰ ਰੋਜ਼ ਸਵਾ-ਸਵਾ ਮਨ ਜਨੇਊ ਉਤਾਰੇ ਜਾਣ ਲੱਗੇ। ਹਰ ਪਾਸੇ ਜ਼ੁਲਮ ਦੀ ਹਾਹਾਕਾਰ ਮੱਚ ਗਈ। ਕਸ਼ਮੀਰ ਦੇ ਸੂਬੇਦਾਰ ਸ਼ਾਹ ਅਫ਼ਗਾਨ ਮਾਨੋ ਕਸ਼ਮੀਰੀ ਪੰਡਿਤਾਂ ਲਈ ਕਾਲ ਬਣ ਗਿਆ। ਔਰੰਗਜ਼ੇਬ ਦਾ ਫ਼ੁਰਮਾਨ ਸੀ ਕਿ ਮੁਸਲਮਾਨ ਬਣੋ ਜਾਂ ਮੌਤ ਕਬੂਲੋ। ਪਰ ਸ਼ਾਇਦ ਔਰੰਗਜ਼ੇਬ ਇਹ ਨਹੀਂ ਜਾਣਦਾ ਸੀ ਕਿ ਉਸ ਦੇ ਮੱਕਾਰ ਮਨਸੂਬਿਆਂ ਨੂੰ ਠੱਲ੍ਹ ਪਾਉਣ ਲਈ ਨੌਵੇਂ ਪਾਤਸ਼ਾਹ ਆਪਣੇ ਪਰੰਪਰਕ ਰਸਤੇ ਉੱਪਰ ਕਦਮ ਰੱਖ ਚੁਕੇ ਸਨ। ਇਕ ਅਜਿਹਾ ਕਦਮ ਜੋ ਨਾ ਕੇਵਲ ਜ਼ੁਲਮ ਦੇ ਭਾਂਬੜ ਠੱਲ੍ਹਣ ਲਈ ਸੀ, ਜੋ ਨਾ ਕੇਵਲ ਹਿੰਦੂਆਂ ਜਾਂ ਸਿੱਖਾਂ ਲਈ ਸੀ, ਇਹ ਕਦਮ ਤੋਂ ਵਿਸ਼ਵ- ਇਤਿਹਾਸ ਵਿਚ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਇਕ ਅਸਲੋਂ ਵਿਲੱਖਣ ਪੈੜ ਸੀ। ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਜਦੋਂ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚੈ ਕੀਤਾ। ਕਸ਼ਮੀਰੀ ਪੰਡਿਤਾਂ ਦਾ ਇਕ ਜਥਾ ਆਪਣੀ ਫ਼ਰਿਆਦ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਆਇਆ। ਕਸ਼ਮੀਰੀ ਪੰਡਿਤ ਕਿਰਪਾ ਰਾਮ ਤੋਂ ਉਨ੍ਹਾਂ ਦੀ ਦਰਦ ਕਹਾਣੀ ਸੁਣ ਕੇ ਗੁਰੂ ਜੀ ਨੇ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ” ਮਹਾਂਵਾਕ ਅਨੁਸਾਰ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਾਬੇ ਨਾਨਕ ਦੇ ਦਰ ਤੋਂ ਮਾਯੂਸ ਨਹੀਂ ਪਰਤਣਗੇ। ਇਸ ਤੋਂ ਬਾਅਦ ਗੁਰੂ ਜੀ ਕਿਸੇ ਡੂੰਘੀ ਸੋਚ ਵਿਚ ਡੁੱਬ ਗਏ ਅਤੇ ਕੁਝ ਸਮੇਂ ਬਾਅਦ ਫ਼ੁਰਮਾਉਣ ਲੱਗੇ ਕਿ ਅਜੇ ਧਰਮ ਯੁੱਧ ਦਾ ਸਮਾਂ ਨਹੀਂ ਆਇਆ। ਇਸ ਸਮੇਂ ਕਿਸੇ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ। ਸਿਰਫ਼ ਕੁਰਬਾਨੀ ਨਾਲ ਹੀ ਡੁੱਬਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ। ਆਪ ਜੀ ਦੇ ਬਚਨ ਸੁਣ ਕੇ ਪੂਰੇ ਦਰਬਾਰ ਵਿਚ ਸੱਨਾਟਾ ਛਾ ਗਿਆ। ਆਪ ਜੀ ਦੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨੇ ਆਪ ਜੀ ਤੋਂ ਇਸ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਅਤਿਆਚਾਰ ਦੇ ਭਾਂਬੜ ਬਹੁਤ ਉੱਚੇ ਚਲੇ ਗਏ ਹਨ। ਜਿਸ ਵਿਚ ਇਹ ਨਿਤਾਣੇ ਬਾਲਣ ਦੀ ਥਾਂ ਝੋਕੇ ਜਾ ਰਹੇ ਹਨ। ਹੁਣ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ ਜੋ ਆਪਣੇ ਪਵਿੱਤਰ ਖ਼ੂਨ ਦੇ ਛਿੱਟੇ ਮਾਰ ਕੇ ਬਲਦੇ ਹੋਏ ਭਾਂਬੜਾਂ ਨੂੰ ਸ਼ਾਂਤ ਕਰ ਸਕੇ। ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਡੁੱਬਦੇ ਹੋਏ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਨਿੱਕੇ ਜਿਹੇ ਮੂੰਹੋਂ ਏਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਹਮਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ। ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜਾਹ! ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲੈ। ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਖ਼ੁਸ਼ੀ-ਖੁਸ਼ੀ ਮੁਸਲਮਾਨ ਬਣ ਜਾਵਾਂਗੇ। ਇਸ ਤਰ੍ਹਾਂ ਗੁਰੂ ਜੀ ਬਾਲ ਗੋਬਿੰਦ ਰਾਇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਦਸਵੇਂ ਵਾਰਿਸ ਥਾਪ ਕੇ ਆਪ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਜੈਤਾ ਜੀ ਅਤੇ ਭਾਈ ਦਿਆਲਾ ਜੀ ਆਦਿ ਸਿੱਖਾਂ ਨਾਲ ਦਿੱਲੀ ਵੱਲ ਕੁਰਬਾਨੀ ਦੇਣ ਚੱਲ ਪਏ। ਜਦੋਂ ਗੁਰੂ ਜੀ ਨੂੰ ਇਸਲਾਮ ਦੇ ਨਸ਼ੇ ਵਿਚ ਧੁੱਤ ਔਰੰਗਜ਼ੇਬ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਇਸਲਾਮ ਦੀ ਮਹਿਮਾ ਗਾਉਂਦਿਆਂ ਆਪ ਜੀ ਨੂੰ ਇਸਲਾਮ ਕਬੂਲਣ ਲਈ ਪ੍ਰੇਰਿਆ। ਪਰ ਗੁਰੂ ਜੀ ਨੇ ਉਸ ਦੀ ਉਮੀਦ ਦੇ ਉਲਟ ਉੱਤਰ ਦਿੱਤਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਵਿਚ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ। ਬਾਦਸ਼ਾਹ ਹੋਣ ਦੇ ਨਾਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ। ਪਰ ਇਸ ਦੇ ਉਲਟ ਤੁਸੀਂ ਤਾਂ ਹਿੰਦੂਆਂ ਨੂੰ ਆਪਣੇ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ। ਔਰੰਗਜ਼ੇਬ! ਤੇਰੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਅਤੇ ਮਾਸੂਮ ਹਿੰਦੂਆਂ ਦੀ ਰੱਖਿਆ ਲਈ ਅਸੀਂ ਮੈਦਾਨ ਵਿਚ ਆ ਨਿੱਤਰੇ ਹਾਂ। ਤੂੰ ਤਾਂ ਬਾਦਸ਼ਾਹ ਹੋਣ ਦੇ ਨਾਤੇ ਆਪਣੀ ਪਰਜਾ ਤੋਂ ਮੂੰਹ ਮੋੜੀ ਬੈਠਾ ਹੈਂ ਪਰ ਅਸੀਂ ਇਨ੍ਹਾਂ ਮਜ਼ਲੂਮਾਂ ਦੀ ਬਾਂਹ ਪਕੜ ਲਈ ਹੈ। ਇਸ ਪ੍ਰਕਾਰ ਗੁਰੂ ਜੀ ਨੂੰ ਚੜ੍ਹਦੀ ਕਲਾ ਵਿਚ ਅਤੇ ਉਨ੍ਹਾਂ ਦੁਆਰਾ ਇਸਲਾਮ ਨਾ ਕਬੂਲਣ ਦੇ ਅਟੱਲ ਨਿਸ਼ਚੈ ਨੂੰ ਵੇਖ ਕੇ ਔਰੰਗਜ਼ੇਬ ਗੁੱਸੇ ਵਿਚ ਕੰਬ ਉੱਠਿਆ। ਕੁਰਬਾਨੀ ਲਈ ਤਿਆਰ ਗੁਰੂ ਜੀ ਨੂੰ ਦੇਖ ਕੇ ਉਸ ਦੇ ਮਨਸੂਬਿਆਂ ਦੀਆਂ ਨੀਹਾਂ ਹਿੱਲ ਗਈਆਂ। ਆਪਣੀ ਇਸ ਹਾਰ ਨੂੰ ਵੇਖ ਕੇ ਉਸ ਨੇ ਅੰਤ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿਚ ਬੰਦ ਕਰ ਦਿੱਤਾ ਜਾਵੇ ਅਤੇ ਇਨ੍ਹਾਂ ਦੇ ਮੁਰੀਦਾਂ ਨੂੰ ਤਸੀਹੇ ਦੇ-ਦੇ ਕੇ ਮਾਰ ਦਿੱਤਾ ਜਾਵੇ। ਔਰੰਗਜ਼ੇਬ ਦੇ ਹੁਕਮ ਅਨੁਸਾਰ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿਚ ਸੁੱਟ ਦਿੱਤਾ ਗਿਆ। ਇਸ ਪ੍ਰਕਾਰ ਇੱਕ-ਇੱਕ ਕਰਕੇ ਗੁਰੂ ਜੀ ਦੇ ਮੁਰੀਦਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਹੋਣੀ ਦੀ ਭੱਠੀ ਵਿਚ ਝੋਕ ਦਿੱਤਾ ਗਿਆ ਜਿਸ ਨੂੰ ਵੇਖ ਕੇ ਗੁਰੂ ਜੀ ਡੋਲੇ ਨਹੀਂ ਸਗੋਂ ਉਨ੍ਹਾਂ ਦਾ ਸਿਦਕ ਹੋਰ ਵੀ ਅਡੋਲ ਹੋ ਗਿਆ। ਅੰਤ ਮਿਤੀ 11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਖੇ ਕਾਜ਼ੀ ਨੇ ਫ਼ਤਵਾ ਪੜ੍ਹਿਆ। ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ। ਪਰ ਆਪਣੇ ਮੂੰਹੋਂ ਸੀਅ ਨਾ ਉਚਾਰੀ। ਆਪ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ‘ਬਚਿਤਰ ਨਾਟਕ’ ਵਿਚ ਲਿਖਿਆ ਹੈ: ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥ ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥ ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥ (ਦਸਮ ਗ੍ਰੰਥ) ਆਪ ਜੀ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਅਤੇ ਲੋਕਾਂ ਦੀਆਂ ਚੀਕਾਂ ਨਾਲ ਅਸਮਾਨ ਚੀਰਿਆ ਗਿਆ। ਜੱਲਾਦ ਦਾ ਦਿਲ ਦਹਿਲ ਗਿਆ ਅਤੇ ਉਹ ਤਲਵਾਰ ਸੁੱਟ ਕੇ ਜਾਮਾ ਮਸਜਿਦ ਵੱਲ ਭੱਜ ਗਿਆ। ਸ਼ਾਹੀ ਆਦੇਸ਼ ਸੀ ਕਿ ਗੁਰੂ ਜੀ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਕੇ ਦਿੱਲੀ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਲਟਕਾਏ ਜਾਣ ਪਰ ਸ਼ਹੀਦੀ ਤੋਂ ਤੁਰੰਤ ਬਾਅਦ ਅਜਿਹੀ ਹਨੇਰੀ ਝੁੱਲੀ ਕਿ ਸਭ ਆਪੋ ਆਪਣੇ ਬਚਾਅ ਲਈ ਭੱਜ ਉੱਠੇ। ਭਾਈ ਜੈਤਾ ਜੀ ਸਿਪਾਹੀਆਂ ਤੋਂ ਅੱਖ ਬਚਾ ਕੇ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਸਤਿਕਾਰ ਪੂਰਵਕ ਪ੍ਰਾਪਤ ਕਰਦਿਆਂ ਭਾਈ ਜੈਤਾ ਜੀ ਨੂੰ ‘ਰੰਘਰੇਟਾ ਗੁਰੂ ਕਾ ਬੇਟਾ’ ਵਰ ਦਿੱਤਾ। ਗੁਰੂ ਜੀ ਦਾ ਧੜ ਭਾਈ ਲੱਖੀ ਸ਼ਾਹ ਆਪਣੇ ਘਰ ਲੈ ਗਿਆ। ਉਸ ਨੇ ਆਪਣੇ ਘਰ ਨੂੰ ਅਗਨ-ਭੇਂਟ ਕਰ ਕੇ ਗੁਰੂ ਜੀ ਦਾ ਦਾਹ-ਸੰਸਕਾਰ ਕੀਤਾ ਅਤੇ ਆਪ ਜੀ ਦੀਆਂ ਅਸਥੀਆਂ ਨੂੰ ਗਾਗਰ ਵਿਚ ਪਾ ਕੇ ਉਥੇ ਹੀ ਦੱਬ ਦਿੱਤਾ। ‘ਬਚਿਤਰ ਨਾਟਕ’ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫ਼ੁਰਮਾਉਂਦੇ ਹਨ: ਠੀਕਰ ਫੋਰਿ ਦਿਲੀਸ ਸਿਰਿ, ਪ੍ਰਭ ਪੁਰਿ ਕਿਯਾ ਪਯਾਨ॥ ਤੇਗ ਬਹਾਦੁਰ ਸ੍ਰੀ ਕ੍ਰਿਆ, ਕਰੀ ਨ ਕਿਨਹੂੰ ਆਨਿ॥ ਤੇਗ ਬਹਾਦੁਰ ਕੇ ਚਲਤ, ਭਯੋ ਜਗਤ ਕੋ ਸੋਕ॥ ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕਿ॥ (ਦਸਮ ਗ੍ਰੰਥ) ਵਿਸ਼ਵ-ਇਤਿਹਾਸ ਵਿਚ ਗੁਰੂ ਜੀ ਦੀ ਕੁਰਬਾਨੀ ਵਿਲੱਖਣ ਹੈ ਅਤੇ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ। ਵਿਲੱਖਣਤਾ ਇਸ ਗੱਲ ਵਿਚ ਹੈ ਕਿ ਇਹ ਕੁਰਬਾਨੀ ਆਪਣੇ ਲਈ ਨਹੀਂ, ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ। ਇਸ ਤਰ੍ਹਾਂ ਇਸ ਗੌਰਵਮਈ ਸ਼ਹਾਦਤ ਨੇ ਸਿਰਫ਼ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ ਸਗੋਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਮਰ-ਮਿਟਣ ਦਾ ਜਜ਼ਬਾ ਪ੍ਰਦਾਨ ਕੀਤਾ। ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜ਼ਲੂਮਾਂ, ਨਿਤਾਣਿਆਂ, ਨਿਓਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿਚ ਇਕ ਨਵੀਂ ਰੂਹ ਫੂਕੀ। ਆਪ ਜੀ ਦੀ ਕੁਰਬਾਨੀ ਨਾ ਸਿਰਫ਼ ਸਮਕਾਲੀਨ ਸਮਾਜ ਲਈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ-ਸਰੋਤ ਬਣੀ।

ਗੁਰੂ ਹਰਿਕ੍ਰਿਸ਼ਨ ਜੀ

ਗੁਰੂ ਹਰਿ ਕ੍ਰਿਸ਼ਨ ਜੀ ਸਿਖਾਂ ਦੇ ਅਠਵੇਂ ਗੁਰੂ ਸਨ। ਸਾਹਿਬ ਸ਼੍ਰੀ ਹਰਿਕ੍ਰਿਸ਼ਨ ਜੀ ਜਦੋਂ ਦਿੱਲੀ ਜਾ ਰਹੇ ਸਨ ਆਪ ਜੀ ਨੂੰ ਬਾਲਕ ਰੂਪ ਵਿੱਚ ਗੁਰੂ-ਗੱਦੀ ਦੇ ਬਿਰਾਜਮਾਨ ਦੇਖ ਕੇ ਕਈ ਹੰਕਾਰੀ ਲੋਕ ਮਖੌਲ ਕਰਦੇ ਸੀ। ਰਾਹ ਵਿੱਚ ਗੁਰੂ ਸਾਹਿਬ ਜੀ ਨੇ ਇਕ ਨਗਰ ਵਿੱਚ ਪੜਾਅ ਕੀਤਾ ਉਥੇ ਆਪ ਜੀ ਦੇ ਦਰਸ਼ਨ ਕਰਨ ਲਈ ਇੱਕ ਪੰਡਿਤ ਆਇਆ ਜਿਸ ਦਾ ਨਾਮ ਸੀ ਲਾਲ, ਉਹ ਬਹੁਤ ਹੰਕਾਰੀ ਪੰਡਿਤ ਸੀ ਉਹ ਸੋਚਦਾ ਸੀ ਕਿ ਉਸ ਦੇ ਵਰਗੀ ਗੀਤਾ ਦੀ ਕਥਾ ਕੋਈ ਕਰ ਹੀ ਨਹੀਂ ਸਕਦਾ। ਅੰਤਰਜਾਮੀ ਸਤਿਗੁਰੂ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਉਦ ਦੇ ਦਿਲ ਦੀ ਅਵਸਥਾ ਨੂੰ ਜਾਣ ਗਏ ਤੇ ਉਹਨਾਂ ਨੇ ਬਚਨ ਕੀਤਾ ਪੰਡਿਤ ਜੀ ਤੁਹਾਡੇ ਮਨ ਵਿੱਚ ਜੋ ਸ਼ੰਕਾ ਹੈ ਨਵਿਰਤ ਕਰ ਲਉ। ਪੰਡਿਤ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਗੀਤਾ ਦੇ ਅਰਥ ਕਰ ਕੇ ਸੁਣਾਓ। ਗੁਰੂ ਸਾਹਿਬ ਜੀ ਪੰਡਿਤ ਦੀ ਗੱਲ ਸੁਣ ਕੇ ਕਹਿਨ ਲੱਗੇ ਜੇ ਅਸੀਂ ਅਰਥ ਕੀਤਾ ਤਾਂ ਸ਼ਾਇਦ ਤੁਹਾਡੇ ਮਨ ਵਿੱਚ ਸ਼ੰਕਾ ਆ ਜਾਏ ਕਿ ਅਸੀਂ ਅਰਥਾਂ ਨੂੰ ਚੇਤੇ ਕੀਤਾ ਹੋਇਆ ਹੈ ਤੁਸੀਂ ਬਾਹਰੋਂ ਕੋਈ ਬੰਦਾ ਲੈ ਆਉ। ਪੰਡਿਤ ਲਾਲ ਬਹੁਤ ਹੰਕਾਰ ਵਿੱਚ ਆ ਗਿਆ ਅਤੇ ਬਾਹਰ ਜਾ ਝੱਜੂ ਝੀਵਰ ਨੂੰ ਲੈ ਕੇ ਆ ਗਿਆ। ਗੁਰੂ ਸਾਹਿਬ ਜੀ ਨੇ ਝੱਜੂ ਦੇ ਸਿਰ ਤੇ ਸੋਟੀ ਰੱਖੀ ਤੇ ਕਿਹਾ ਪੰਡਿਤ ਜੀ ਤੁਸੀਂ ਸ਼ਲੋਕ ਪੜ੍ਹੋ ਝੱਜੂ ਜੀ ਅਰਥ ਕਰਨਗੇ। ਪੰਡਿਤ ਨੇ ਸਭ ਤੋਂ ਕਠਿਨ ਸ਼ਲੋਕ ਪੜਇਆ ਝੱਜੂ ਨੇ ਸ਼ਲੋਕ ਸੁਣ ਕੇ ਕਿਹਾ ਕਿ ਤੁਸੀਂ ਅਸ਼ੁੱਧ ਸ਼ਲੋਕ ਪੜ੍ਹ ਰਹੇ ਹੋ ਅਤੇ ਝੱਜੂ ਨੇ ਆਪ ਸਹੀ ਸ਼ਲੋਕ ਪੜ੍ਹ ਕੇ ਅਰਥ ਕਰ ਦਿੱਤਾ। ਪੰਡਿਤ ਬਹੁਤ ਸ਼ਰਮਿੰਦਾ ਹੋਇਆ ਕਿ ਜਿਸ ਝੱਜੂ ਨੂੰ ਪੜ੍ਹਨਾ ਨਹੀਂ ਸੀ ਆਉਂਦਾ ਉਹ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਹੀ ਅਰਥ ਕਰ ਰਿਹਾ ਹੈ ਤਾਂ ਉਸ ਨੂੰ ਬਹੁਤ ਪਛਤਾਵਾ ਹੋਇਆ ਕਿ ਉਸ ਨੇ ਗੁਰੂ ਸਾਹਿਬ ਜੀ ਸ਼ੰਕਾ ਕਿਉਂ ਕੀਤਾ? ਇਹ ਸੋਚ ਕੇ ਪੰਡਿਤ ਗੁਰੂ ਸਾਹਿਬ ਜੀ ਦੇ ਚਰਣਾਂ ਵਿੱਚ ਡਿੱਗ ਪਿਆ। ਗੁਰੂ ਸਾਹਿਬ ਜੀ ਨੇ ਉਸ ਦੀ ਭੁੱਲ ਨੂੰ ਬਖਸ਼ ਦਿੱਤਾ ਤੇ ਅੱਗੇ ਲਈ ਸਹੀ ਰਾਹ ਦੱਸਿਆ।

ਗੁਰੂ ਹਰਿ ਰਾਇ ਜੀ

ਜਗਤ ਗੁਰ ਬਾਬਾ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੱਤਵੀਂ, ਜੋਤ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ, ਬਾਬਾ ਗੁਰਦਿਤਾ ਜੀ ਅਤੇ ਮਾਤਾ ਨਿਹਾਲ ਕੌਰ ਜੀ (ਨੱਤੀ ਜੀ) ਦੇ ਗ੍ਰਹਿ ਵਿਖੇ, ੮ ਮਾਰਚ, ੧੬੩੦ ਨੂੰ, ਸ੍ਰੀ ਕੀਰਤ ਪੁਰ ਸਾਹਿਬ ਪਰਗਟ ਹੋਏ। ਆਪ ਜੀ ਦਲ ਭੰਜਨ ਗੁਰ ਸੂਰਮਾ ਜੀ ਦੇ ਛੋਟੇ ਪੋਤਰੇ ਸਨ। ਦਾਦਾ ਗੁਰੂ ਜੀ ਦੀ ਸੁਚੱਜੀ ਅਗਵਾਈ ਹੇਠ ਆਪ ਜੀ ਨੇ ਸੰਸਾਰੀ ਤੇ ਨਿਰੰਕਾਰੀ ਵਿੱਦਿਆ ਪ੍ਰਾਪਤ ਕੀਤੀ। ਜਿਥੇ ਆਪ ਜੀ ਸੂਰਮੇ ਸਨ ਓਥੇ ਫੁੱਲਾਂ ਸਮਾਨ ਨਰਮ ਹਿਰਦੇ ਦੇ ਮਾਲਕ, ਪ੍ਰਭੂ ਭਗਤੀ ਵਿਚ ਲੀਨ ਤੇ ਸਾਧੂ ਸੁਭਾ ਦੇ ਮਾਲਕ ਵੀ ਸਨ। ਉਹਨਾਂ ਦੇ ਹਿਰਦੇ ਕੀ ਕੋਮਲਤਾ ਨੂੰ ਦਰਸਾਉਂਦੀ ਉਹਨਾਂ ਦੇ ਬਚਪਨ ਸਮੇ ਦੀ ਇਕ ਸਾਖੀ ਸਿੱਖ ਇਤਿਹਾਸ ਵਿਚ ਇਉਂ ਪ੍ਰਾਪਤ ਹੁੰਦੀ ਹੈ: ਆਪ ਜੀ ਇਕ ਦਿਨ ਆਪਣੇ ਬਾਗ਼ ਵਿਚ ਟਹਿਲ ਰਹੇ ਸਨ ਕਿ ਤੇਜ ਹਵਾ ਦਾ ਇਕ ਬੁੱਲਾ ਆਇਆ। ਉਸ ਬੁੱਲੇ ਦੇ ਜੋਰ ਨਾਲ਼ ਆਪ ਜੀ ਦਾ ਖੁਲ੍ਹਾ ਜਾਮਾ ਲਹਿਰਾਇਆ ਤੇ ਉਸਦੇ ਵੱਜਣ ਨਾਲ਼ ਟਾਹਣੀ ਨਾਲ਼ੋਂ ਕੁਝ ਫੁੱਲ ਟੁੱਟ ਕੇ ਭੁੰਜੇ ਡਿਗ ਪਏ। ਫੁੱਲ ਟੁੱਟਣ ਤੇ ਉਹਨਾਂ ਦੀਆਂ ਪੱਤੀਆਂ ਦਾ ਮਿੱਟੀ ਵਿਚ ਰੁਲਣਾ ਵੇਖ ਕੇ ਆਪ ਜੀ ਦਾ ਕੋਮਲ ਹਿਰਦਾ ਵੈਰਾਗਵਾਨ ਹੋ ਗਿਆ ਕਿ ਸੁੰਦਰਤਾ ਘੱਟੇ ਵਿਚ ਰੁਲ਼ ਗਈ। ਇਸ ਸਮੇ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਵੀ ਅਚਾਨਕ ਓਥੇ ਆਏ ਤਾਂ ਪੋਤਰੇ ਨੂੰ ਨਿਮੋਝੂਣਤਾ ਵਿਚ ਵੇਖ ਕੇ ਕਾਰਨ ਪੁਛਿਆ ਤਾਂ ਉਹਨਾਂ ਦੇ ਦੱਸਣ ਤੇ ਗੁਰੂ ਜੀ ਨੇ ਆਖਿਆ ਕਿ ਵੱਡਾ ਜਾਮਾ ਪਾਈਏ ਤਾਂ ਉਸਨੂੰ ਸੰਭਾਲ਼ ਕੇ ਵਿਚਰਨਾ ਚਾਹੀਦਾ ਹੈ। ਗੁਰੂ ਜੀ ਦਾ ਗੁੱਝਾ ਉਪਦੇਸ਼ ਸੀ ਕਿ ਵੱਡੀ ਸ਼ਕਤੀ ਦੇ ਮਾਲਕ ਹੋਣ ਕਰਕੇ ਵੱਡੀ ਸਾਵਧਾਨੀ ਦੀ ਲੋੜ ਹੁੰਦੀ ਹੈ। ਖਿਆਲ ਰੱਖੀਏ ਕਿ ਉਸ ਸ਼ਕਤੀ ਨਾਲ਼ ਵਿੱਸਰ ਭੋਲ਼ੇ ਵੀ ਕਿਸੇ ਦਾ ਨੁਕਸਾਨ ਨਾ ਹੋ ਜਾਵੇ। ਦਾਦਾ ਗੁਰੂ ਜੀ ਦੀ ਇਸ ਸਿੱਖਿਆ ਨੂੰ ਆਪ ਜੀ ਨੇ ਸਾਰੀ ਉਮਰ ਹੀ ਧਿਆਨ ਵਿਚ ਰੱਖ ਕੇ ਇਸ ਉਪਰ ਅਮਲ ਕੀਤਾ। ਆਪ ਜੀ ਦਾ ਵਿਆਹ ਬੁਲੰਦ ਸ਼ਹਿਰ ਦੇ ਵਾਸੀ ਦਇਆ ਰਾਮ ਜੀ ਦੀ ਸਪੁਤਰੀ ਬੀਬੀ ਕ੍ਰਿਸਨ ਕੌਰ ਜੀ ਨਾਲ਼ ਹੋਇਆ ਤੇ ਦੋ ਸਾਹਿਬਜ਼ਾਦੇ, ਬਾਬਾ ਰਾਮ ਰਾਇ ਜੀ ਤੇ ਸੀ੍ਰ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ, ਆਪ ਜੀ ਦੇ ਗ੍ਰਹਿ ਵਿਖੇ ਪਰਗਟ ਹੋਏ। ਦਾਦਾ ਗੁਰੂ ਜੀ ਨੇ ੩ ਮਾਰਚ, ੧੬੪੪ ਨੂੰ ਜੋਤੀ ਜੋਤ ਸਮਾਉਣ ਸਮੇ, ਆਪ ਜੀ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਗੁਰਗੱਦੀ ਉਪਰ ਸੁਸ਼ੋਭਤ ਕਰ ਦਿਤਾ। ਗੁਰਗੱਦੀ ਉਪਰ ਬਿਰਾਜਮਾਨ ਹੋਣ ਉਪ੍ਰੰਤ ਆਪ ਜੀ ਨੇ ਸਾਵਧਾਨਤਾ ਤੇ ਤਤਪਰਤਾ ਸਹਿਤ ਗੁਰਮਤਿ ਦੀ ਸਿੱਖਆ ਉਪਰ ਦ੍ਰਿੜ੍ਹਤਾ ਸਹਿਤ ਖ਼ੁਦ ਅਮਲ ਕੀਤਾ ਤੇ ਸਿੱਖ ਸੰਗਤਾਂ ਪਾਸੋਂ ਕਰਵਾਇਆ। ਨਾਮ, ਦਾਨ ਤੇ ਇਸ਼ਨਾਨ ਦੇ ਅਸੂਲ਼ ਦੀ ਪਾਲਣਾ ਦੇ ਨਾਲ਼ ਨਾਲ਼ ਆਪ ਜੀ ਨੇ ਗੁਰੂ ਕੇ ਲੰਗਰ ਤੇ ਗੁਸਿੱਖਾਂ ਦੇ ਘਰਾਂ ਅੰਦਰ ਚੱਲਦੇ ਲੰਗਰਾਂ ਵਾਸਤੇ ਉਚੇਚਾ ਉਪਦੇਸ਼ ਫੁਰਮਾਇਆ ਕਿ ਜਿਸ ਵੀ ਸਮੇ ਕੋਈ ਵੀ ਜਦੋਂ ਲੋੜਵੰਦ ਆਵੇ ਤਾ ਉਸਨੂੰ ਲੰਗਰ ਛਕਾਉਣ ਵਿਚ ਕੁਤਾਹੀ ਨਾ ਕੀਤੀ ਜਾਵੇ। ਜੋਤੀ ਜਤ ਸਮਾਉਣ ਤੋਂ ਪਹਿਲਾਂ ਦਾਦਾ ਗੁਰੂ ਜੀ ਨੇ ਆਗਿਆ ਕੀਤੀ ਸੀ ਕਿ ਜੰਗ ਤੋਂ ਸੰਕੋਚ ਰੱਖਣਾ। ਬਾਈ ਸੌ ਤਿਆਰ ਬਰ ਤਿਆਰ ਘੋੜ ਸਵਾਰ ਸੂਰਮਿਆਂ ਦਾ ਦਸਤਾ ਸਦਾ ਸੰਗ ਰਹਿੰਦਾ ਸੀ। ਉਹਨਾਂ ਸੂਰਮਿਆਂ ਤੇ ਘੋੜਿਆਂ ਦੀ ਸੰਭਾਲ਼ ਆਪ ਜੀ ਉਚੇਚਾ ਧਿਆਨ ਰਖ ਕੇ ਕਰਦੇ। ਸ਼ਿਕਾਰ ਸਮੇ ਆਪ ਜੀ ਦਾ ਯਤਨ ਹੂੰਦਾ ਸੀ ਕਿ ਜਾਨਵਰ ਜੀਂਦਾ ਫੜ ਕੇ ਆਪਣੇ ਬਾਗ ਵਿਚ ਲਿਆ ਕੇ ਉਸਦੀ ਸੰਭਾਲ ਕੀਤੀ ਜਾਵੇ। ਇਸ ਤਰ੍ਹਾਂ ਆਪ ਜੀ ਦਾ ਬਾਗ ਇਕ ਤਰ੍ਹਾਂ ਦਾ ਚਿੜੀਆ ਘਰ ਹੀ ਬਣ ਗਿਆ ਸੀ। ਜਿਥੇ ਆਪ ਜੀ ਮਨੁਖਾਂ ਦੀ ਆਤਮਿਕ ਸੰਭਾਲ਼ ਕਰਦੇ ਸਨ ਓਥੇ ਲੰਗਰ ਤੇ ਦਵਾਖਾਨੇ ਦੁਆਰਾ ਭੁੱਖ ਤੇ ਰੋਗਾਂ ਦੀ ਨਿਵਿਰਤੀ ਵੱਲ ਵੀ ਪੂਰਾ ਧਿਆਨ ਦਿੰਦੇ ਸਨ। ਆਪ ਜੀ ਦਾ ਦਵਾਖਾਨਾ ਏਨਾ ਪ੍ਰਸਿਧ ਹੋ ਚੁੱਕਾ ਸੀ ਦੂਰੋਂ ਦੂਰੋਂ ਲੋੜਵੰਦ ਆ ਕੇ ਆਪਣੇ ਸਰੀਰਕ ਰੋਗਾਂ ਦਾ ਇਲਾਜ ਕਰਵਾਇਆ ਕਰਿਆ ਕਰਦੇ ਸਨ। ਏਥੇ ਉਹਨਾਂ ਦੇ ਇਲਾਜ ਦੇ ਨਾਲ਼ ਹੋਰ ਵੀ ਹਰ ਪ੍ਰਕਾਰ ਦੀ ਸੇਵਾ ਦੁਆਰਾ ਆਤਮਿਕ ਤੇ ਸਰੀਰਕ ਤੰਦਰੁਸਤੀ ਦੀ ਬਖ਼ਸ਼ਿਸ਼ ਹੁੰਦੀ। ਇਕ ਵਾਰੀ ਦੇਸ਼ ਦੇ ਬਾਦਸ਼ਾਹ ਸ਼ਾਹ ਜਹਾਨ ਦਾ ਵਡਾ ਪੁੱਤਰ, ਦਾਰਾ ਸ਼ਿਕੋਹ ਬੀਮਾਰ ਹੋਇਆ ਤਾਂ ਉਸਦੇ ਇਲਾਜ ਵਾਸਤੇ ਖਾਸ ਚੀਜਾਂ ਆਪ ਜੀ ਦੇ ਦਵਾਖਾਨੇ ਤੋਂ ਹੀ ਪ੍ਰਾਪਤ ਹੋਈਆਂ ਸਨ ਤੇ ਉਸ ਨਾਲ਼ ਦਾਰਾ ਸ਼ਿਕੋਹ ਰਾਜੀ ਹੋਇਆ ਸੀ। ਆਪ ਜੀ ਗੋਇੰਦਵਾਲ਼ ਵਿਖੇ ਸਨ ਕਿ ਦਿੱਲੀ ਦੇ ਤਖ਼ਤ ਦੇ ਕਬਜ਼ੇ ਦੀ ਲੜਾਈ ਵਿਚ ਨਿੱਕੇ ਭਰਾ ਦਾ ਭਜਾਇਆ ਦਾਰਾ ਸ਼ਿਕੋਹ ਆਪ ਜੀ ਪਾਸ ਆਇਆ ਤੇ ਇਕ ਦਿਨ ਵਾਸਤੇ ਔਰੰਗਜ਼ੇਬ ਦੀਆਂ ਪਿੱਛਾ ਕਰਦੀਆਂ ਆ ਰਹੀਆਂ ਫੌਜਾਂ ਨੂੰ ਰੋਕਣ ਵਾਸਤੇ ਬੇਨਤੀ ਕੀਤੀ ਤਾਂ ਕਿ ਉਹ ਸੁਰਖਿਅਤ ਅੱਗੇ ਨਿਕਲ਼ ਸਕੇ। ਆਪ ਜੀ ਨੇ ਇਕ ਦਿਨ ਵਾਸਤੇ ਆਪਣੇ ਬਾਈ ਸੌ ਸਵਾਰਾਂ ਨਾਲ਼ ਬਿਆਸ ਦਰਿਆ ਦਾ ਸੱਜਾ ਕੰਢਾ ਇਸ ਤਰ੍ਹਾਂ ਮੱਲ ਲਿਆ ਤੇ ਬੇੜੀਆਂ ਵੀ ਕਬਜੇ ਵਿਚ ਕਰ ਲਈਆਂ ਕਿ ਅੋਰੰਗਜ਼ੇਬ ਦੀਆਂ ਫੌਜਾਂ ਨੂੰ ਇਕ ਦਿਨ ਲਈ ਦਰਿਥਾ ਦੇ ਖੱਬੇ ਕੰਢੇ ਰੁਕਣਾ ਪਿਆ ਤੇ ਦਾਰਾ ਸ਼ਿਕੋਹ ਦੂਰ ਕਿਲ਼ ਗਿਆ। ਇਸ ਤਰ੍ਹਾਂ ਦਾਰਾ ਸ਼ਿਕੋਹ ਦੀ ਬੇਨਤੀ ਵੀ ਮੰਨੀ ਗਈ ਤੇ ਗੁਰੂ ਜੀ ਨੇ ਖ਼ੂਨ ਖਰਾਬਾ ਵੀ ਨਾ ਹੋਣ ਦਿਤਾ। ਸਾਰੇ ਭਰਾਵਾਂ ਦੀ ਅਲ਼ਖ ਮੁਕਾ ਕੇ ਔਰੰਗਜ਼ੇਬ ਨੇ ਜਦੋਂ ਦਿੱਲੀ ਦੇ ਤਖ਼ਤ ਤੇ ਕਬਜਾ ਕਰ ਲਿਆ ਤਾਂ, ਉਸਨੇ ਆਪਣੀ ਇਤਿਹਾਸ ਪ੍ਰਸਿਧ ਨੀਤੀ ਅਨੁਸਾਰ ਸਾਰੇ ਹਿੰਦੁਸਤਾਨ ਦੇ ਇਸਲਾਮੀਕਰਣ ਦੀ ਨੀਤੀ ਉਪਰ ਅਮਲ ਸ਼ੁਰੂ ਕਰ ਦਿਤਾ। ਏਸੇ ਨੀਤੀ ਤਹਿਤ ਹੀ ਉਸਨੇ ਸ੍ਰੀ ਗੁਰੂ ਹਰਿ ਰਾਇ ਜੀ ਨੂੰ ਦਿੱਲੀ ਬੁਲਾਇਆ ਪਰ ਗੁਰੂ ਜੀ ਨੇ ਆਪ ਜਾਣ ਦੀ ਬਜਾਇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਇ ਜੀ ਨੂੰ ਭੇਜ ਦਿਤਾ। ਦਿੱਲੀ ਨੂੰ ਜਾਣ ਸਮੇ ਸਾਹਿਬਜ਼ਾਦੇ ਨੂੰ ਗੁਰੂ ਜੀ ਨੇ ਆਗਿਆ ਕੀਤੀ ਕਿ ਗੁਰੂ ਨਾਨਕ ਪਾਤਿਸ਼ਾਹ ਦੀ ਸਿੱਖਿਆ ਦਾ ਨਿਰਭੈਤਾ ਸਹਿਤ ਵਰਨਣ ਕਰਨਾ। ਕਿਸੇ ਪ੍ਰਕਾਰ ਦੀ ਸ਼ਾਹੀ ਝੇਂਪ ਨਹੀ ਮੰਨਣੀ। ਗੁਰੂ ਨਾਨਕ ਜੀ ਹਰ ਪ੍ਰਕਾਰ ਸਹਾਈ ਹੋਣਗੇ। ਬਾਬਾ ਰਾਮ ਰਾਇ ਜੀ ਨਾਲ਼ ਹੋਈ ਗੋਸ਼ਟ ਸਮੇ ਉਹਨਾਂ ਵੱਲੋਂ ਦਿਤੇ ਗਏ ਉਤਰਾਂ ਤੇ ਬਚਨਾਂ ਨਾਲ਼ ਔਰੰਗਜ਼ੇਬ ਨਿਰੁਤਰ ਤੇ ਪ੍ਰਭਾਵਤ ਹੋਇਆ ਤੇ ਉਸਨੂੰ ਦਰਬਾਰ ਵਿਚ ਸ਼ਾਹੀ ਇਜ਼ਤ ਤੇ ਮਾਣ ਸਤਿਕਾਰ ਦਿਤਾ ਗਿਆ। ਇਕ ਦਿਨ ਔਰੰਗਜ਼ੇਬ ਨੇ ਅਚਾਨਕ, ''ਮਿਟੀ ਮੁਸਲ ਮਾਨ ਕੀ'' ਵਾਲ਼ਾ ਸਵਾਲ ਸਾਹਿਬਜ਼ਾਦੇ ਨੂੰ ਕਰ ਦਿਤਾ। ਨੌਜਵਾਨ ਸਾਹਿਬਜ਼ਾਦੇ ਨੇ ਸ਼ਾਹੀ ਮਾਣ ਸਨਮਾਨ ਤੇ ਰੋਹਬ ਦੇ ਪ੍ਰਭਾਵ ਹੇਠ ਆ ਕੇ ਜਵਾਬ ਦੇਣ ਵਿਚ ਦੁਨਿਆਵੀ ਸਿਆਣਪ ਵਰਤਦਿਆਂ ਹੋਇਆਂ ਕੁਝ ਕਮਜੋਰੀ ਵਿਖਾ ਦਿਤੀ। ਔਰੰਜ਼ੇਬ ਵੀ ਖੁਸ਼ ਹੋ ਗਿਆ ਤੇ ਸਮਾ ਵੀ ਟਲ਼ ਗਿਆ ਪਰ ਜਦੋਂ ਪਿਤਾ ਗੁਰੂ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਉਸਨੂੰ ਗੁਰੂ ਘਰ ਵਿਚੋਂ ਛੇਕ ਦਿਤਾ ਤੇ ਸੰਗਤਾਂ ਨੂੰ ਵੀ ਹੁਕਮ ਕਰ ਦਿਤਾ ਕਿ ਇਸ ਨਾਲ਼ ਕੋਈ ਨਾ ਵਰਤੇ। ਰਾਮ ਰਾਇ ਫਿਰ ਗਰੂ ਘਰ ਦਾ ਵਿਰੋਧੀ ਹੋ ਗਿਆ। ਉਸਨੂੰ ਔਰੰਗਜ਼ੇਬ ਨੇ ਦੇਹਰਾ ਦੂਨ ਵਿਖੇ ਜਾਗੀਰ ਦੇ ਦਿਤੀ ਜਿਥੇ ਹੁਣ ਵੀ ਉਸਦਾ ਡੇਰਾ ਮੌਜੂਦ ਹੈ। ਆਪ ਜੀ ਨੇ ਆਪਣੇ ਗੁਰਗੱਦੀ ਸਮੇ ਦੌਰਾਨ ਦੂਰ ਦੁਰਾਡੇ ਤੱਕ ਸਿੱਖ ਧਰਮ ਦਾ ਪ੍ਰਚਾਰ ਕੀਤਾ। ਮਨੁਖਤਾ ਦੀ ਭਲਾਈ ਵਾਸਤੇ ਬਹੁਤ ਸਾਰੇ ਕਾਰਜ ਕੀਤੇ ਤੇ ਆਪਣੇ ਸਿੱਖਾਂ ਨੂੰ ਵੀ ਇਸ ਪਾਸੇ ਦੀ ਭਰਪੂਰ ਪ੍ਰੇਰਨਾ ਕੀਤੀ। ਗੁਰੂ ਜੀ ਦਾ ਦਿਨੋ ਦਿਨ ਵਧਦਾ ਪ੍ਰਤਾਪ ਵੇਖ ਕੇ ਗਵਾਢੀ ਪਹਾੜੀ ਰਾਜਿਆਂ ਦੇ ਮਨਾਂ ਅੰਦਰ ਈਰਖਾ ਜਾਗ ਪਈ। ਇਕ ਦਿਨ ਦੋ ਰਾਜੇ ਫੌਜ ਲੈ ਕੇ ਕੀਰਤਪੁਰ ਸਾਹਿਬ ਆ ਗਏ।ਉਹਨਾਂ ਦੇ ਦਿਲਾਂ ਵਿਚ ਮੰਦ ਭਾਵਨਾ ਸੀ ਕਿ ਗੁਰੂ ਜੀ ਪਾਸੋਂ ਧਨ ਉਗਰਾਹਵਾਂਗੇ ਜਾ ਫਿਰ ਉਹਨਾਂ ਨੂੰ ਕੀਰਤਪੁਰੋਂ ਕਢ ਦਿਆਂਗੇ। ਇਕ ਤਲਾ ਕੰਢੇ ਉਹਨਾਂ ਨੇ ਉਤਾਰਾ ਕੀਤਾ। ਅਗਲੇ ਦਿਨ ਗੁਰੂ ਦਰਬਾਰ ਵਿਚ ਆਏ ਤੇ ਗੁਰੂ ਜੀ ਨੂੰ ਮਥਾ ਟੇਕ ਕੇ ਸੰਗਤ ਵਿਚ ਬੈਠ ਗਏ। ਆਪ ਜੀ ਨੇ ਉਹਨਾਂ ਦੇ ਹਿਰਦੇ ਦੀ ਮਾੜੀ ਭਾਵਨਾ ਜਾਣਕੇ ਫੁਰਮਾਇਆ, ''ਫ਼ਕੀਰਾਂ ਪਾਸੋਂ ਕਰ ਨਹੀ ਉਗ੍ਰਾਹੀਦੇ ਹੁੰਦੇ। ਚਾਹੋ ਤਾਂ ਤੁਹਾਨੂੰ ਨਾਮ ਧਨ ਦਿਤਾ ਜਾ ਸਕਦਾ ਹੈ ਜੋ ਕਿ ਸੱਚਾ ਧਨ ਹੈ ਤੇ ਅਗਲੇ ਜਹਾਨ ਵੀ ਤੁਹਾਡੇ ਨਾਲ਼ ਜਾਵੇਗਾ।'' ਗੁਰੂ ਜੀ ਦੇ ਅਜਿਹੇ ਬਚਨ ਸੁਣਕੇ ਉਹਨਾਂ ਨੂੰ ਸੁਮੱਤ ਆ ਗਈ ਤੇ ਉਹ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਉਪਰ ਝੁਕ ਗਏ ਤੇ ਗੁਰ ਸਿੱਖੀ ਦੀ ਦਾਤ ਮੰਗੀ। ਹੋਰ ਸਿੱਖਿਆ ਤੋਂ ਇਲਾਵਾ ਗੁਰੂ ਜੀ ਨੇ ਉਹਨਾਂ ਨੂੰ ਚੰਗੇ ਰਾਜਾ ਬਣਨ ਦਾ ਉਪਦੇਸ਼ ਦਿੰਦਿਆਂ ਹੋਇਆਂ ਚੰਗੇ ਰਾਜੇ ਦੇ ਫਰਜਾਂ ਤੋਂ ਜਾਣੂ ਕਰਵਾਉਣ ਲਈ ਫੁਰਮਾਇਆ: ਰਾਜਾ ਇਨਸਾਫ਼ ਕਰੇ, ਹਲੀਮੀ ਵਾਲ਼ਾ ਰਾਜ ਕਰੇ, ਪਰਜਾ ਨੂੰ ਦੁਖ ਨਾ ਦੇਵੇ, ਕਿਉਂਕਿ ਪਰਜਾ ਦੇ ਦੁਖ ਤੇ ਕਰਤਾਰ ਨਾਰਾਜ ਹੋਵੇਗਾ, ਪਰ ਨਾਰੀ ਤੇ ਪਰ ਧਨ ਦਾ ਤਿਆਗ ਕਰਨਾ, ਸ਼ਰਾਬ ਨਾ ਪੀਣੀ, ਪਰਜਾ ਦੇ ਦੁਖ ਸੁਣਕੇ ਦੂਰ ਕਰਨੇ, ਪਰਜਾ ਜੜ੍ਹ ਹੁੰਦੀ ਹੈ ਤੇ ਰਾਜਾ ਟਾਹਣੀ; ਜੇਹੜਾ ਰਾਜਾ ਪਰਜਾ ਨੂੰ ਦੁਖੀ ਕਰਦਾ ਹੈ ਉਹ ਆਪਣੀ ਜੜ੍ਹੀਂ ਖ਼ੁਦ ਕੁਹਾੜਾ ਮਾਰਦਾ ਹੈ। ਲੋਕਾਂ ਦੇ ਭਲੇ ਲਈ ਤਾਲ, ਖੂਹ, ਪੁਲ, ਪਾਠਸ਼ਾਲਾ, ਧਰਮਸ਼ਾਲਾ, ਦਵਾਖਾਨਾ ਖੋਹਲੋ ਤੇ ਧਰਮ ਦਾ ਪ੍ਰਚਾਰ ਕਰੋ। ਭਾਵੇਂ ਕਿ ਵਡੇ ਸਾਬਿਜ਼ਾਦੇ ਰਾਮ ਰਾਇ ਨੇ ਸਰਕਾਰੀ ਰਸੂਖ਼, ਗੁਰੂ ਘਰ ਦੇ ਵਿਰੋਧੀ ਕੁਝ ਮਸੰਦਾਂ, ਧੀਰ ਮੱਲ ਆਦਿ ਦੀ ਸਹਾਇਤਾ ਨਾਲ਼ ਗੁਰਗੱਦੀ ਹਥਿਆਉਣ ਦੇ ਯਤਨ ਕੀਤੇ ਪਰ ਆਪ ਜੀ ਨੇ ਇਸ ਸਭ ਕਾਸੇ ਦੀ ਵਿਚਾਰ ਤੋਂ ਉਪਰ ਉਠ ਕੇ ਤੇ ਯੋਗ ਜਾਣ ਕੇ, ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਗੱਦੀ ਉਪਰ ਬਿਰਾਜਮਾਨ ਕਰ ਦਿਤਾ। ਉਪ੍ਰੰਤ ਆਪ ਜੀ ੬ ਅਕਤੂਬਰ ੧੬੬੧ ਨੂੰ, ਪੌਣੇ ਕੁ ਬੱਤੀ ਸਾਲ ਦੀ ਸਰੀਰਕ ਉਮਰ ਇਸ ਸੰਸਾਰ ਵਿਚ ਬਿਤਾ ਕੇ, ਜੋਤੀ ਜੋਤ ਸਮਾ ਗਏ।

ਗੁਰੂ ਹਰਿਗੋਬਿੰਦ ਜੀ

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 19 ਜੂਨ ਸੰਨ 1595 ਨੂੰ ਗੁਰੂ ਕੀ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਇਸ ਖੁਸ਼ੀ ਵਿਚ ਗੁਰੂ ਸਾਹਿਬ ਨੇ ਛੇ ਹਰਟਾਂ ਵਾਲਾ ਖੂਹ ਲਵਾਇਆ। ਹੁਣ ਇਸ ਪਾਵਨ ਅਸਥਾਨ ਦਾ ਨਾਂ ਛੇਹਰਟਾ ਸਾਹਿਬ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਪੁੱਤਰ ਦੀ ਦਾਤ ਆ ਜਾਣ ਕਾਰਨ ਪ੍ਰਿਥੀ ਚੰਦ ਨੂੰ ਬਹੁਤ ਦੁੱਖ ਹੋਇਆ। ਉਸ ਨੇ ਸਾਹਿਬਜ਼ਾਦੇ ਨੂੰ ਖ਼ਤਮ ਕਰਨ ਲਈ ਫੱਤੋ ਦਾਈ ਰਾਹੀਂ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ; ਫਿਰ ਸੱਪ ਲੜਾਉਣ ਦਾ ਛੜਯੰਤਰ ਵੀ ਰਚਿਆ ਪਰ ਸਫ਼ਲ ਨਾ ਹੋ ਸਕਿਆ। ਫਿਰ ਚੀਚਕ ਨਿਕਲ ਆਈ। ਠੀਕ ਹੋ ਜਾਣ ਬਾਅਦ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਸ਼ਬਦ ਉਚਾਰਨ ਕੀਤਾ: -ਸਦਾ ਸਦਾ ਹਰਿ ਜਾਪੇ॥ ਪ੍ਰਭ ਬਾਲਕ ਰਾਖੇ ਆਪੇ॥ (ਪੰਨਾ 627) -ਸੀਤਲਾ ਤੇ ਰਖਿਆ ਬਿਹਾਰੀ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ॥ (ਪੰਨਾ 200) ਸਾਹਿਬਜ਼ਾਦਾ ਜੀ ਚਾਰ ਸਾਲ ਦੇ ਹੋਏ ਤਾਂ ਪ੍ਰਿਥੀ ਚੰਦ ਨੇ ਮੁੜ ਰਸੋਈਏ ਰਾਹੀਂ ਦਹੀਂ ਵਿਚ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਸਾਹਿਬਜ਼ਾਦੇ ਨੇ ਤਾਂ ਦਹੀਂ ਨਾ ਖਾਧਾ ਪਰ ਰਸੋਈਆ ਪੇਟ ਵਿਚ ਸੂਲ ਉਂਠਣ ਤੇ ਮਰ ਗਿਆ: ਲੇਪੁ ਨ ਲਾਗੋ ਤਿਲ ਕਾ ਮੂਲਿ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ॥ (ਪੰਨਾ 1137) (ਗੁਰੂ) ਹਰਿਗੋਬਿੰਦ ਜੀ ਛੇ ਸਾਲ ਦੇ ਹੋਏ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, "ਬਾਬਾ ਜੀ! ਤੁਸੀਂ ਫੱਟੀ ਤੇ ਪੈਂਤੀ ਆਪਣੇ ਹੱਥੀਂ ਲਿਖ ਕੇ ਸਾਹਿਬਜ਼ਾਦੇ ਨੂੰ ਦਿਉ।" ਬਾਬਾ ਜੀ ਨੇ ਪੰਜ ਗੁਰੂ ਸਾਹਿਬਾਨ ਦਾ ਧਿਆਨ ਧਰ ਕੇ ਅਰਦਾਸ ਕਰ ਕੇ ਫੱਟੀ ਤੇ ਪੈਂਤੀ ਲਿਖ ਕੇ ਦਿੱਤੀ। ਇਸ ਤਰ੍ਹਾਂ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਸਾਹਿਬਜ਼ਾਦੇ ਨੂੰ ਸ਼ਾਸਤਰ ਅਤੇ ਸ਼ਸਤਰ ਵਿਦਿਆ, ਘੋੜ-ਸਵਾਰੀ, ਤੀਰ-ਅੰਦਾਜ਼ੀ, ਨਿਸ਼ਾਨਾਬਾਜ਼ੀ, ਰਾਜਨੀਤੀ, ਰਣਨੀਤੀ ਦੀ ਸਿਖਿਆ ਦਿਵਾਈ ਗਈ। ਸਾਹਿਬ ਸ੍ਰੀ ਹਰਿਗੋਬਿੰਦ ਜੀ ਬਹੁਤ ਸੁੰਦਰ ਸਜੀਲੇ, ਖ਼ੂਬਸੂਰਤ, ਫੁਰਤੀਲੇ ਤੇ ਦਿਲਕਸ਼ ਸ਼ਖ਼ਸੀਅਤ ਦੇ ਮਾਲਕ ਸਨ। 11 ਕੁ ਸਾਲਾਂ ਦੇ ਸਨ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਹੋ ਜਾਣ ਕਾਰਨ ਗੁਰਿਆਈ ਦਾ ਕਾਰਜ-ਭਾਰ ਆਪ ਜੀ ਦੇ ਮੋਢਿਆਂ ਤੇ ਪੈ ਗਿਆ। ਗੁਰਿਆਈ ਦੀ ਰਸਮ ਵੇਲੇ ਆਪ ਜੀ ਨੇ ਬਾਬਾ ਬੁਢਾ ਜੀ ਨੂੰ ਕਿਹਾ, "ਬਾਬਾ ਜੀ, ਆਹ ਚੀਜ਼ਾਂ ਸੇਲ੍ਹੀ ਟੋਪੀ ਆਦਿ ਤੋਸ਼ੇਖਾਨੇ ਵਿਚ ਰਖਵਾ ਦਿਉ; ਤੁਸੀਂ ਮੈਨੂੰ ਤਲਵਾਰ ਪਹਿਨਾਉ।" ਬਾਬਾ ਜੀ ਜਾਣਦੇ ਸਨ ਕਿ "ਬਡ ਜੋਧਾ ਬਹੁ ਪਰਉਪਕਾਰੀ" ਸ਼ਸਤਰਾਂ ਨਾਲ ਹੀ ਸੋਂਹਦਾ ਹੈ। ਉਨ੍ਹਾਂ ਨੇ ਸਾਹਿਬਜ਼ਾਦੇ ਨੂੰ ਦੋ ਤਲਵਾਰਾਂ ਮੀਰੀ ਦੀ ਅਤੇ ਪੀਰੀ ਦੀਆਂ ਪਹਿਨਾਈਆਂ। ਸੁੰਦਰ ਤਿੱਲੇਦਾਰ ਜੜਤ ਵਾਲੀ, ਜਰੀ ਬਾਦਲੇ ਵਾਲੀ ਪੀਲੇ ਰੰਗ ਦੀ ਪੌਸ਼ਾਕ ਅਤੇ ਕੇਸਰੀ ਰੰਗ ਦੀ ਬਹੁਤ ਸੁੰਦਰ ਤਿੱਲੇਦਾਰ ਦਸਤਾਰ ਸਜਾਈ। ਕੇਸਰੀ ਬਾਣੇ ਵਿਚ ਸੁਸ਼ੋਭਿਤ ਸਾਹਿਬਜ਼ਾਦੇ ਨੂੰ ਕਲਗੀ ਬਾਬਾ ਜੀ ਨੇ ਸਜਾਈ। ਹਰਿਮੰਦਰ ਸਾਹਿਬ ਦੇ ਐਨ ਸਾਹਮਣੇ 100 ਗਜ਼ ਦੀ ਦੂਰੀ ਤੇ ਉਂਚਾ ਥੜ੍ਹਾ ਬਣਾਇਆ ਗਿਆ ਜਿਸ ਵਿਚ ਕਿਸੇ ਰਾਜ ਮਿਸਤਰੀ ਦੇ ਹੱਥ ਨਹੀਂ ਲੱਗੇ ਸਗੋਂ ਉਸ ਦੀ ਉਸਾਰੀ ਗੁਰੂ ਸਾਹਿਬ ਨੇ ਖ਼ੁਦ ਅਤੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਆਦਿ ਗੁਰਸਿੱਖਾਂ ਨੇ ਆਪਣੇ ਹੱਥਾਂ ਨਾਲ ਕੀਤੀ: ਕਿਸੀ ਰਾਜ ਨਹਿˆ ਹਾਥ ਲਗਾਯੋ। ਬੁੱਢਾ ਔ ਗੁਰਦਾਸ ਬਣਾਯੋ। (ਗੁ: ਪਾ: 6) ਦੀਪਮਾਲਾ ਦੇ ਮੇਲੇ ਵਾਲੇ ਦਿਨ ਗੁਰੂ ਸਾਹਿਬ ਪੂਰੀ ਸ਼ਾਨੋ-ਸ਼ੌਕਤ ਨਾਲ ਤਖ਼ਤ ਤੇ ਬਿਰਾਜਮਾਨ ਹੋਏ। ਸੰਗਤਾਂ ਨੇ ਬੇਅੰਤ ਧਨ-ਪਦਾਰਥ ਭੇਟ ਕੀਤਾ। ਗੋਇੰਦਵਾਲ ਤੋਂ ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ, ਖਡੂਰ ਸਾਹਿਬ ਤੋਂ ਭਾਈ ਦਾਤੂ ਜੀ ਅਤੇ ਕਰਤਾਰਪੁਰ ਤੋਂ ਭਾਈ ਧਰਮ ਚੰਦ ਜੀ ਵਿਸ਼ੇਸ਼ ਰੂਪ ਵਿਚ ਪੁੱਜੇ। ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਨੇ ਕਿਹਾ, "ਅੱਜ ਤੋਂ ਮੇਰੀ ਪਿਆਰੀ ਭੇਟਾ ਚੰਗਾ ਸ਼ਸਤਰ, ਚੰਗਾ ਘੋੜਾ ਤੇ ਚੰਗੀ ਜਵਾਨੀ ਹੋਵੇਗੀ। ਮੇਰੀ ਖੁਸ਼ੀ ਲੈਣੀ ਹੈ ਤਾਂ ਕਸਰਤਾਂ ਕਰੋ, ਘੋੜੇ ਦੀ ਸਵਾਰੀ ਕਰੋ। ਮੈਂ ਤਲਵਾਰ ਇਸੇ ਲਈ ਧਾਰਨ ਕੀਤੀ ਹੈ ਕਿ ਜ਼ਾਲਮ ਜ਼ੁਲਮ ਦੀ ਤਲਵਾਰ ਬੰਦ ਕਰ ਦੇਵੇ। ਸ਼ਸਤਰ ਪਹਿਨਣ ਨਾਲ ਤੁਹਾਡਾ ਡਰ ਜਾਂਦਾ ਰਹੇਗਾ। ਤੁਸੀਂ ਸਿਰ ਉਂਚਾ ਕਰ ਕੇ ਤੁਰੋਗੇ। ਮੌਤ ਦਾ ਡਰ ਨਹੀਂ ਰਹੇਗਾ। ਆਪਣੇ ਖ਼ੂਨ ਨੂੰ ਠੰਡਾ ਨਾ ਹੋਣ ਦਿਉ ਸਗੋਂ ਇਸ ਨੂੰ ਸਦਾ ਖੌਲਦਾ ਰੱਖੋ।" (ਗੁਰੁ ਭਾਰੀ ਕ੍ਰਿਤ ਪ੍ਰਿੰ. ਸਤਿਬੀਰ ਸਿੰਘ, ਪੰਨਾ 24-25) ਫਿਰ ਆਪ ਜੀ ਨੇ ਭਾਈ ਗੁਰਦਾਸ ਜੀ ਤੋਂ ਹੁਕਮਨਾਮੇ ਲਿਖਵਾ ਕੇ ਦੂਰ-ਦੁਰਾਡੇ ਸੰਗਤਾਂ ਨੂੰ ਭੇਜੇ ਜਿਨ੍ਹਾਂ ਵਿਚ ਚੰਗਾ ਘੋੜਾ, ਚੰਗਾ ਸ਼ਸਤਰ ਭੇਟਾ ਕਰ ਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਹੁਕਮ ਦਿੱਤਾ। ਹੁਣ ਵਾਲੇ ਰਾਮਸਰ ਸਾਹਿਬ ਦੇ ਸਾਹਮਣੇ ਜਿਥੇ ਬਿਬੇਕਸਰ ਸਾਹਿਬ ਹੈ, ਖਾਲੀ ਥਾਂ ਤੇ ਜੰਗੀ ਮਸ਼ਕਾਂ ਹੋਣ ਲੱਗੀਆਂ। ਬੀਰ-ਰਸੀ ਵਾਰਾਂ ਗਾਉਣ ਦੀ ਪਰੰਪਰਾ ਚੱਲੀ ਜਿਸ ਦੇ ਸਭ ਤੋਂ ਪਹਿਲੇ ਢਾਡੀ ਪਿੰਡ ਸੁਰਸਿੰਘ ਦੇ ਨੱਥਾ ਤੇ ਅਬਦੁੱਲਾ ਸਨ ਜਿਨ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਵਾਰ ਗਾਈ ਅਤੇ ਕਿਹਾ ਕਿ ਗੁਰੂ ਸਾਹਿਬ ਦੀ ਪੱਗ ਦੀ ਸ਼ਾਨ ਅੱਗੇ ਜਹਾਂਗੀਰ ਦੀ ਪੱਗ ਕੀ ਹੈ? ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਵਿਚੋਂ ਨੌਂ ਵਾਰਾਂ ਨੂੰ ਜੰਗੀ ਧੁਨਾਂ ਉਂਤੇ ਗਾਉਣ ਦੀ ਪਰੰਪਰਾ ਤੋਰੀ ਜੋ ਆਪ ਜੀ ਦੀ ਇਕ ਅਦੁੱਤੀ ਦੇਣ ਕਹੀ ਜਾ ਸਕਦੀ ਹੈ। ਸਿੱਖ ਸੂਰਬੀਰਾਂ ਦੀ ਗਿਣਤੀ ਵਧ ਜਾਣ ਕਾਰਨ ਪੰਜ ਜਥਿਆਂ ਵਿਚ ਵੰਡ ਕਰ ਦਿੱਤੀ ਗਈ। ਪੰਜ ਜਥੇਦਾਰ ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ ਜੀ ਤੇ ਭਾਈ ਪੈੜਾ ਜੀ ਹੋਏ। ਆਪ ਜੀ ਕੋਲ ਇਕ ਪੈਂਦੇ ਖਾਂ ਨਾਮ ਦਾ ਬਹਾਦਰ ਪਠਾਣ ਵੀ ਸੀ ਜਿਸ ਦੀ ਆਪ ਜੀ ਨੇ ਯਤੀਮ ਜਾਣ ਕੇ ਚੰਗੀ ਪਰਵਰਿਸ਼ ਕੀਤੀ। ਉਸ ਵਿਚ ਬਹੁਤ ਸਰੀਰਕ ਬਲ ਸੀ। ਉਹ ਬੌਲਦ, ਸੰਢੇ ਨਾਲ ਘੁਲਦਾ ਹੋਇਆ ਉਨ੍ਹਾਂ ਨੂੰ ਪਛਾੜ ਦਿੰਦਾ ਸੀ। ਉਸ ਦੇ ਕਰਤੱਬ ਵੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੁੰਦੇ। 1609 ਈ. ਵਿਚ ਲੋਹਗੜ੍ਹ ਕਿਲ੍ਹੇ ਦੀ ਉਸਾਰੀ ਕਰਵਾਈ, ਉਥੇ ਜੰਗੀ ਸਾਮਾਨ ਰੱਖਿਆ ਗਿਆ। ਧਰਮ ਦੀ ਰੱਖਿਆ ਲਈ ਫੌਜ ਤਿਆਰ ਹੋ ਗਈ। ਅੰਮ੍ਰਿਤਸਰ ਸਿੱਖਾਂ ਦਾ ਕੇਂਦਰ ਤਾਂ ਸੀ ਹੀ, ਹੁਣ ਪਨਾਹਗਾਹ ਵੀ ਬਣ ਗਿਆ। ਸਰਕਾਰ ਇਨ੍ਹਾਂ ਗੱਲਾਂ ਤੋਂ ਅਵੇਸਲੀ ਨਹੀਂ ਸੀ। ਇਕ-ਇਕ ਦਿਨ ਦੀ ਖ਼ਬਰ ਬਾਦਸ਼ਾਹ ਤਕ ਪੁੱਜ ਰਹੀ ਸੀ। ਗੁਰੂ ਸਾਹਿਬ ਦਾ ਤਖ਼ਤ ਬਣਾਉਣਾ, ਇਨਸਾਫ਼ ਕਰਨੇ, ਫ਼ੌਜੀ ਜੰਗੀ ਸਾਮਾਨ ਇਕੱਠਾ ਕਰਨਾ ਆਦਿ ਤੋਂ ਹਕੂਮਤ ਨੂੰ ਡਰ ਭਾਸਣ ਲੱਗਾ। ਉਹ ਗੁਰੂ ਸਾਹਿਬ ਨੂੰ ਕਿਸੇ ਬਹਾਨੇ ਗ੍ਰਿਫ਼ਤਾਰ ਕਰਨ ਦੇ ਮੌਕੇ ਲੱਭਣ ਲੱਗੇ। ਸੋ ਤਖ਼ਤ ਬਣਾਉਣਾ ਹੀ ਬਹਾਨਾ ਕਾਫ਼ੀ ਹੋਣ ਕਾਰਨ ਗੁਰੂ ਸਾਹਿਬ ਨੂੰ ਦਿੱਲੀ ਗਿਆਂ ਹੋਇਆਂ ਨੂੰ ਵਿਸਾਹਘਾਤ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਆਪ ਜੀ ਨੂੰ ਪਹਿਲਾਂ ਆਗਰੇ ਅਤੇ ਫਿਰ ਗਵਾਲੀਅਰ ਦੇ ਕਿਲ੍ਹੇ ਵਿਚ ਪਹੁੰਚਾ ਦਿੱਤਾ ਗਿਆ, ਜਿਥੇ ਪਹਿਲਾਂ ਹੀ ਬਵੰਜਾ ਰਾਜਪੂਤ ਹਿੰਦੂ ਰਾਜੇ ਕੈਦ ਵਿਚ ਸਨ। ਜਦੋਂ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਗ੍ਰਿਫ਼ਤਾਰ ਹੋਣ ਦਾ ਪਤਾ ਲੱਗਾ ਤਾਂ ਘਬਰਾਹਟ ਤੇ ਰੋਸ ਹੋਣਾ ਕੁਦਰਤੀ ਸੀ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਸਥਿਤੀ ਨੂੰ ਸੰਭਾਲਦਿਆਂ ਚੌਂਕੀਆਂ ਕੱਢਣੀਆਂ ਸ਼ੁਰੂ ਕੀਤੀਆਂ। ਕੁਝ ਚੌਂਕੀਆਂ ਪੰਜਾਬ ਦੇ ਪਿੰਡਾਂ ਵਿਚ ਭੇਜੀਆਂ ਗਈਆਂ। ਇਕ ਸਿੱਖ ਦੇ ਹੱਥ ਵਿਚ ਬਲਦੀ ਮਸ਼ਾਲ ਹੁੰਦੀ ਤੇ ਦੂਸਰੇ ਦੇ ਹੱਥ ਨਿਸ਼ਾਨ ਸਾਹਿਬ। ਬਾਬਾ ਬੁੱਢਾ ਜੀ ਆਪ ਬਿਰਧ ਅਵਸਥਾ ਵਿਚ ਚੌਂਕੀ ਕੱਢਦੇ ਰਹੇ। ਇਹ ਪਿਰਤ ਬਾਬਾ ਜੀ ਨੇ ਹੀ ਸ਼ੁਰੂ ਕੀਤੀ ਜੋ ਹੁਣ ਤਕ ਚੱਲ ਰਹੀ ਹੈ। ਵਜ਼ੀਰ ਖਾਂ, ਸਾਈਂ ਮੀਆਂ ਮੀਰ, ਨਿਜ਼ਾਮੁਦੀਨ ਔਲੀਆ ਸੁਲਾਹਕੁਲ ਜਿਹੇ ਮੁਸਲਮਾਨ ਜੋ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਦੇ ਸਨ, ਨੇ ਗੁਰੂ ਸਾਹਿਬ ਨੂੰ ਰਿਹਾਅ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅੰਤ 1612 ਈ. ਨੂੰ ਗੁਰੂ ਸਾਹਿਬ ਬਾਕੀ ਬਵੰਜਾ ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾਉਣ ਉਪਰੰਤ ਅੰਮ੍ਰਿਤਸਰ ਪੁੱਜੇ। ਸਿੱਖ ਰਵਾਇਤ ਅਨੁਸਾਰ ਗੁਰੂ ਜੀ ਦੀਵਾਲੀ ਵਾਲੇ ਦਿਨ ਪੁੱਜੇ ਤੇ ਸਾਰੇ ਸ਼ਹਿਰ ਵਿਚ ਵਿਚ ਖੁਸ਼ੀ ਦੀ ਦੀਪਮਾਲਾ ਕੀਤੀ ਗਈ। ਅੰਮ੍ਰਿਤਸਰ ਪੁੱਜਣ ਉਪਰੰਤ ਫਿਰ ਨਿੱਤ ਕਰਮ ਸ਼ੁਰੂ ਕਰ ਦਿੱਤੇ। ਅਕਾਲ ਬੁੰਗੇ ਦੇ ਲਾਗੇ ਖੂਹ ਤੇ ਬਾਗ਼ ਲਗਵਾਇਆ। ਅੰਮ੍ਰਿਤਸਰ ਸ਼ਹਿਰ ਦੇ ਦੁਆਲੇ ਪੱਕੀ ਫਸੀਲ ਉਸਾਰੀ ਗਈ। ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਧੀ ਕੌਲਾਂ ਜੋ ਸਾਈਂ ਮੀਆਂ ਮੀਰ ਜੀ ਦੀ ਮੁਰੀਦ ਬਣ ਗਈ ਸੀ ਅਤੇ ਰਾਤ-ਦਿਨ ਖ਼ੁਦਾ ਦੀ ਬੰਦਗੀ ਵਿਚ ਲੱਗੀ ਰਹਿੰਦੀ ਸੀ, ਨੂੰ ਕਾਫ਼ਰ ਹੋ ਗਈ ਸਮਝ ਕੇ ਪਿਤਾ ਨੇ ਸਖ਼ਤ ਨਾਰਾਜ਼ਗੀ ਦਰਸਾਈ ਅਤੇ ਕਤਲ ਕਰ ਦੇਣ ਦਾ ਡਰਾਵਾ ਵੀ ਦਿੱਤਾ। ਸਾਈਂ ਮੀਆਂ ਮੀਰ ਜੀ ਦੀ ਬੇਨਤੀ ਨੂੰ ਮੰਨ ਕੇ ਗੁਰੂ ਜੀ ਨੇ ਕੌਲਾਂ ਨੂੰ ਪਨਾਹ ਬਖਸ਼ੀ ਅਤੇ ਇਕ ਵੇਰ ਉਸ ਵੱਲੋਂ ਕਿਸੇ ਸਦੀਵੀ ਯਾਦਗਾਰ ਦੀ ਇੱਛਾ ਜ਼ਾਹਰ ਕੀਤੇ ਜਾਣ ਉਂਤੇ ਗੁਰੂ ਜੀ ਨੇ ਸੰਮਤ 1681 ਵਿਚ ਇਕ ਤਾਲ ਬਣਾਉਣਾ ਆਰੰਭਿਆ ਜੋ ਸੰਮਤ 1684 ਵਿਚ ਮੁਕੰਮਲ ਹੋਇਆ। ਇਸ ਸਰੋਵਰ ਨੂੰ ਗੁਰੂ ਸਾਹਿਬ ਨੇ ਕੌਲਸਰ ਦਾ ਨਾਮ ਦਿੱਤਾ, ਜੋ ਗੁਰਦੁਆਰਾ ਬਾਬਾ ਅਟੱਲ ਸਾਹਿਬ ਜੀ ਦੇ ਪਾਸ ਹੀ ਵਾਕਿਆ ਹੈ। ਇੰਜ ਹੀ ਗੁਰੂ ਸਾਹਿਬ ਨੇ ਰਾਮਸਰ ਸਾਹਿਬ ਦੇ ਨਜ਼ਦੀਕ ਬਿਬੇਕਸਰ ਸਾਹਿਬ ਦੀ ਉਸਾਰੀ ਸੰਮਤ 1685 ਵਿਚ ਕਰਵਾਈ। ਇਸ ਤਰ੍ਹਾਂ ਅੰਮ੍ਰਿਤਸਰ ਪੰਜਾਂ ਸਰੋਵਰਾਂ ਦਾ ਪਵਿੱਤਰ ਸ਼ਹਿਰ ਬਣ ਗਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ-ਕਾਲ ਵਿਚ ਚਾਰ ਯੁੱਧ ਲੜੇ; ਪਹਿਲਾ ਅੰਮ੍ਰਿਤਸਰ 1628 ਈ. ਵਿਚ, ਦੂਜਾ 1630 ਈ. ਵਿਚ ਸ੍ਰੀ ਹਰਿਗੋਬਿੰਦਪੁਰ, ਤੀਜਾ 1632 ਈ. ਵਿਚ ਗੁਰੂਸਰ ਮਹਿਰਾਜ ਦੇ ਸਥਾਨ ਤੇ ਅਤੇ ਚੌਥਾ ਕਰਤਾਰਪੁਰ ਨਗਰ ਵਿਚ 1634 ਨੂੰ। ਚਾਰੇ ਯੁੱਧਾਂ ਵਿਚ ਗੁਰੂ ਜੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਜੀਵਨ-ਕਾਲ ਦੇ ਅੰਤਲੇ ਵਰ੍ਹਿਆਂ ਵਿਚ ਕੀਰਤਪੁਰ ਨਗਰ ਵਸਾਇਆ। ਆਪ ਜੀਵਨ ਦੇ ਅੰਤਲੇ ਸੁਆਸਾਂ ਤਕ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ। ਭੁੱਲਿਆਂ-ਭਟਕਿਆਂ ਨੂੰ ਸਤਿਗੁਰੂ, ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਰਾਹ ਤੇ ਪਾਉਂਦੇ ਰਹੇ। ਆਪ ਜੀ ਖ਼ੁਦ ਨਾਮ-ਬਾਣੀ ਦੇ ਰਸੀਏ, ਸ਼ੁੱਧ ਬਾਣੀ ਪੜ੍ਹਨ-ਸੁਣਨ ਦੇ ਤੀਬਰ ਇੱਛਾਵਾਨ ਤੇ ਮਹਾਨ ਚਿੰਤਕ ਸਨ। ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਆਪ ਨੇ ਗੁਰੂਤਾ ਆਪਣੇ ਪੋਤਰੇ ਸ੍ਰੀ ਹਰਿਰਾਇ ਸਾਹਿਬ ਨੂੰ ਹਰ ਪ੍ਰਕਾਰ ਯੋਗ ਜਾਣ ਕੇ ਹਵਾਲੇ ਕਰ ਦਿੱਤੀ ਅਤੇ 3 ਮਾਰਚ 1644 ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ-ਜੋਤਿ ਸਮਾ ਗਏ। ਆਪ ਜੀ ਦਾ ਸਸਕਾਰ ਸਮੂਹ ਸਿੱਖ ਸੰਗਤਾਂ ਨੇ ਸੇਜਲ ਨੇਤਰਾਂ ਨਾਲ ਸਤਲੁਜ ਦੇ ਕੰਢੇ ਕੀਤਾ, ਜਿਥੇ ਹੁਣ ਗੁਰਦੁਆਰਾ ਪਤਾਲਪੁਰੀ ਸਾਹਿਬ ਸੁਸ਼ੋਭਿਤ ਹੈ। ਬੀਬੀ ਅਮਰਜੀਤ ਕੌਰ ਇਬਨ ਦੇ ਧੰਨਵਾਦ ਸਹਿਤ ਗੁਰਮਤ ਪ੍ਰਕਾਸ਼ ਵਿਚ ਲੇਖ ਤੇ ਅਧਾਰਿਤ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਰੂਪਮਾਨ ਕਰਨਾ ਬਹੁਤ ਅਸੰਭਵ ਹੈ। ਉਨ੍ਹਾਂ ਦੀ ਸਮੁੱਚੀ ਸ਼ਖ਼ਸੀਅਤ ਨੂੰ ਰੂਪਮਾਨ ਨਹੀਂ ਕੀਤਾ ਜਾ ਸਕਦਾ। ਇਸ ਦਾ ਥੋੜ੍ਹਾ ਜਿਹਾ ਅਨੁਭਵ ਹੀ ਹੋ ਸਕਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ ਅਠਤਾਲੀਵੀਂ ਪਉੜੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਲਿਖਿਆ ਹੈ: ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ। ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ। ਦਲਿਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। "ਪੰਜਿ ਪਿਆਲੇ" ਤੋਂ ਭਾਵ ਹੈ ਪੰਜ ਸ਼ੁਭ ਗੁਣ: ਸਤਿ, ਸੰਤੋਖ, ਦਇਆ, ਧਰਮ ਤੇ ਧੀਰਜ। "ਪੰਜਿ ਪੀਰ" ਦੇ ਅਰਥ ਹਨ : ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਤਕ ਹੋਏ ਪੰਜ ਸਿੱਖ ਗੁਰੂ ਸਾਹਿਬਾਨ। "ਦਲਿਭੰਜਨ, ਗੁਰੁ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ" ਭਾਵ ਗੁਰੂ ਹਰਿਗੋਬਿੰਦ ਸਾਹਿਬ ਸਿਫ਼ਤਾਂ ਤੇ ਵਿਸ਼ੇਸ਼ਤਾਵਾਂ ਦੇ ਪ੍ਰਤੀਕ ਹਨ। "ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ" ਤੋਂ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਇਕੋ ਜੋਤਿ ਦੇ ਸਰੂਪ ਸਨ। ਸਰੀਰਾਂ ਵਿਚ ਹੀ ਭੇਦ ਸੀ। ਜੋਤਿ ਇਕੋ ਸੀ। ਸੰਸਾਰ ਵਿਚ ਸਦਾ ਦੋ ਗੁਣਾਂ ਦੀ ਪੂਜਾ ਹੁੰਦੀ ਆਈ ਹੈ: ਸਿਮਰਨ ਤੇ ਰਾਜਸੀ ਤਾਕਤ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਣ ਨੂੰ ਸਿਖਰ ਤੇ ਪੁਚਾ ਦਿੱਤਾ ਸੀ। ਤੱਤੀ ਲੋਹ ਤੇ ਬਹਿ ਕੇ ਵੀ ਸ਼ਾਂਤ ਰਹਿਣਾ ਤੇ ਸਿਮਰਨ ਕਰਨਾ, ਇਹ ਸਿਮਰਨ ਦੀ ਸਿਖਰਲੀ ਹੱਦ ਸੀ। ਇਸ ਕੁਰਬਾਨੀ ਦਾ ਸਭ ਤੇ ਬਹੁਤ ਅਸਰ ਪਿਆ। ਦੂਸਰਾ ਗੁਣ ਰਾਜ-ਬਲ ਸੀ। ਪਹਿਲੇ ਗੁਣ ਦੇ ਕਾਰਨ ਗੁਰੂ ਸਾਹਿਬਾਨ ਦਾ ਬਹੁਤ ਸਤਿਕਾਰ ਸੀ ਤੇ ਦੂਸਰੀ ਸ਼ਕਤੀ ਦੇ ਕਾਰਨ ਜਨਤਾ ਮੁਗਲਾਂ ਦੀ ਸਰਕਾਰ ਅੱਗੇ ਝੁਕਦੀ ਸੀ। ਗੁਰੂ ਅਰਜਨ ਦੇਵ ਜੀ ਚਾਹੁੰਦੇ ਸਨ ਕਿ ਸਿੱਖ ਦੂਸਰੇ ਮਨੁੱਖ ਸਾਹਮਣੇ ਅਕਾਰਨ ਹੀ ਝੁਕਣ ਵਾਲਾ ਸੁਭਾਉ ਬਦਲ ਲੈਣ। ਇਸ ਵਾਸਤੇ ਉਨ੍ਹਾਂ ਨੇ ਸਾਹਿਬਜ਼ਾਦੇ ਹਰਿਗੋਬਿੰਦ ਜੀ ਨੂੰ ਧਾਰਮਿਕ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨ ਲਈ ਕਿਹਾ। ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ 19 ਜੂਨ 1595 ਮੁਤਾਬਕ ਹਾੜ ਵਦੀ 7, 21 ਹਾੜ ਸੰਮਤ 1652 ਬਿ. ਨੂੰ ਨਗਰ ਵਡਾਲੀ ਵਿਖੇ ਪ੍ਰਗਟ ਹੋਏ। ਇਸ ਕਰਕੇ ਉਸ ਨਗਰ ਨੂੰ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ। ਜਦੋਂ ਗੁਰੂ ਅਰਜਨ ਦੇਵ ਜੀ ਲਾਹੌਰ ਜਾਣ ਲੱਗੇ, ਉਨ੍ਹਾਂ ਨੇ ਸੰਗਤ ਵਿਚ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਪਿੱਛੋਂ ਗੁਰਿਆਈ ਦਾ, ਗੱਦੀ ਦਾ ਮਾਲਕ ਸਾਹਿਬਜ਼ਾਦਾ ਹਰਿਗੋਬਿੰਦ ਹੈ। ਸੋ 25 ਮਈ 1606 ਈ. ਐਤਵਾਰ ਜੇਠ ਵਦੀ 14 ਮਿਤੀ 28 ਜੇਠ ਸੰਮਤ 1663 ਬਿ: ਨੂੰ ਬਾਬਾ ਬੁੱਢਾ ਜੀ ਨੇ ਸ੍ਰੀ ਹਰਿਗੋਬਿੰਦ ਜੀ ਨੂੰ ਗੱਦੀ ਤੇ ਬਿਠਾ ਕੇ ਗੁਰਿਆਈ ਦਾ ਤਿਲਕ ਦਿੱਤਾ। ਉਸ ਵੇਲੇ ਗੁਰੂ ਹਰਿਗੋਬਿੰਦ ਜੀ ਦੀ ਉਮਰ 10 ਸਾਲ, 10 ਮਹੀਨੇ ਦੇ ਕਰੀਬ ਸੀ। ਗੁਰਿਆਈ ਦੀ ਗੱਦੀ ਤੇ ਬੈਠਣ ਲੱਗਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ ਜਿਨ੍ਹਾਂ ਵਿਚ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਸ ਦਾ ਵਰਣਨ ਢਾਡੀ ਅਬਦੁਲਾ ਨੇ ਇਸ ਤਰ੍ਹਾਂ ਕੀਤਾ ਹੈ: ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ। ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰੀ ਦੀ। ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ-ਬਲ ਤੇ ਰਾਜ-ਬਲ ਇਕੱਠੇ ਕੰਮ ਕਰਨਗੇ। ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ। ਇਨ੍ਹਾਂ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਿਮਰਨ ਤੇ ਤਲਵਾਰ ਇਕੱਠੀਆਂ ਨਹੀਂ ਰਹਿ ਸਕਦੀਆਂ। ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ। ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡਾ ਧਰਮ ਤੇ ਰਾਜਨੀਤੀ ਇਕ ਹੋਣਗੇ ਪਰ ਇਕ ਸ਼ਕਤੀ ਦੂਸਰੇ ਦੇ ਅਧੀਨ ਨਹੀਂ ਹੋਵੇਗੀ ਸਗੋਂ ਦੋਵੇਂ ਆਪਣੀ-ਆਪਣੀ ਥਾਂ ਸੰਭਾਲਦੀਆਂ ਮਿਲ ਕੇ ਚੱਲਣਗੀਆਂ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸੰਸਾਰ ਨੂੰ ਨਵਾਂ ਸਿਧਾਂਤ ਦਿੱਤਾ ਕਿ ਧਰਮ ਤੇ ਰਾਜਨੀਤੀ ਮਿਲ ਕੇ ਚੱਲਣ। ਗੁਰੂ ਹਰਿਗੋਬਿੰਦ ਸਾਹਿਬ ਨੇ ਗੱਦੀ ਨੂੰ ਬਾਦਸ਼ਾਹੀ ਤਖ਼ਤ ਦਾ ਰੂਪ ਦੇ ਦਿੱਤਾ। ਆਪ ਪੰਜ ਸ਼ਸਤਰ ਪਹਿਨ ਕੇ ਸੀਸ ਉੱਪਰ ਬਾਦਸ਼ਾਹਾਂ ਵਾਂਗ ਕਲਗੀ ਸਜਾ ਕੇ ਗੁਰ-ਗੱਦੀ ਉੱਪਰ ਬੈਠਦੇ। ਜੋ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਮਹਾਰਾਜ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ ਤੇ ਸਿਮਰਨ ਦੇ ਨਾਲ-ਨਾਲ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਇਸ ਤੋਂ ਬਾਅਦ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਸਾਹਮਣੇ ਅਕਾਲ ਤਖ਼ਤ ਦੀ ਰਚਨਾ ਕੀਤੀ। ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਦੋਹਾਂ ਦਾ ਆਪਣਾ-ਆਪਣਾ ਮਹੱਤਵ ਹੈ। ਹਰਿਮੰਦਰ ਸਾਹਿਬ ਸਿੱਖੀ ਦਾ ਧਾਰਮਿਕ ਚਿੰਨ੍ਹ ਹੈ ਤਾਂ ਅਕਾਲ ਤਖ਼ਤ ਰਾਜਨੀਤੀ ਦਾ ਪ੍ਰਤੱਖ ਪ੍ਰਮਾਣ। ਇਸ ਤਰ੍ਹਾਂ ਸਿੱਖ ਧਰਮ ਦੇ ਕੇਂਦਰੀ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਹੀ ਰਾਜ-ਸ਼ਕਤੀ ਦਾ ਪ੍ਰਤੀਕ, ਜੁਗੋ-ਜੁਗ ਅਟੱਲ, ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਨੂੰ ਬਖ਼ਸ਼ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਕੇਸਰੀ ਨਿਸ਼ਾਨ ਸਾਹਿਬ, ਜਿਵੇਂ ਸੁਚੇਤ ਪਹਿਰੇਦਾਰ ਖੜੋਤੇ ਹੋਣ। ਗੁਰੂ ਹਰਿਗੋਬਿੰਦ ਸਾਹਿਬ ਨੇ ਭਾਈ ਬਿਧੀ ਚੰਦ ਵਰਗੇ ਸੂਰਮਿਆਂ ਦੀ ਨਿਗਰਾਨੀ ਹੇਠ ਗੱਭਰੂਆਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ। ਇਸ ਤਰ੍ਹਾਂ ਸਿੱਖ ਫ਼ੌਜ ਦੀ ਨੀਂਹ ਰੱਖੀ। ਸੱਚਾ ਪਾਤਸ਼ਾਹ : ਦਿੱਲੀ ਵਿਖੇ ਇਕ ਘਾਹੀ ਸਾਰੀ ਦਿਹਾੜੀ ਦੀ ਕਮਾਈ ਇਕ ਟਕਾ ਅਤੇ ਗੁਰੂ ਦੇ ਘੋੜਿਆਂ ਲਈ ਘਾਹ ਦੀ ਪੰਡ ਲਿਆਇਆ। ਦੋ ਕੈਂਪ ਲੱਗੇ ਦੇਖ ਕੇ ਭੁਲੇਖੇ ਨਾਲ ਜਹਾਂਗੀਰ ਦੇ ਕੈਂਪ ਚਲਾ ਗਿਆ। ਚੋਬਦਾਰ ਨੇ ਰੋਕਿਆ ਪਰ ਮੁਸਾਹਿਬਾਂ ਨੇ ਕੋਈ ਫ਼ਰਿਆਦੀ ਸਮਝ ਅੰਦਰ ਜਾਣ ਦਿੱਤਾ। ਘਾਹੀ ਨੇ ਜਾਂਦਿਆਂ ਟਕਾ ਅੱਗੇ ਰੱਖਿਆ ਤੇ ਘਾਹ ਦੀ ਪੰਡ ਸਵੀਕਾਰ ਕਰਨ ਲਈ ਕਿਹਾ ਤੇ ਫਿਰ ਅਰਜੋਈ ਕੀਤੀ ਕਿ ਇਥੇ-ਉਥੇ ਸਹਾਇਤਾ ਕਰਨੀ। ਜਹਾਂਗੀਰ ਨੇ ਜਾਗੀਰ ਲਿਖਾਉਣ ਦੀ ਗੱਲ ਕਹੀ ਤਾਂ ਘਾਹੀ ਨੂੰ ਮਹਿਸੂਸ ਹੋਇਆ ਕਿ ਉਹ ਤਾਂ ਗ਼ਲਤ ਜਗ੍ਹਾ ਤੇ ਆ ਗਿਆ ਹੈ। ਟਕਾ ਉਠਾ ਕੇ ਘਾਹ ਦੀ ਪੰਡ ਚੁੱਕ ਕੇ ਨਾਲ ਦੇ ਕੈਂਪ ਵਿਚ ਆਇਆ ਤੇ ਸ਼ਰਧਾ ਨਾਲ ਗੁਰੂ-ਚਰਨਾਂ ਨੂੰ ਪਕੜ ਕੇ ਰੋ-ਰੋ ਕੇ ਖ਼ਿਮਾ ਮੰਗਣ ਲੱਗਾ ਕਿ ਸੱਚੇ ਪਾਤਸ਼ਾਹ! ਗ਼ਲਤ ਦਰ ਤੇ ਚਲਾ ਗਿਆ ਸੀ। ਜਹਾਂਗੀਰ ਉੱਤੇ ਇਸ ਘਟਨਾ ਦਾ ਡੂੰਘਾ ਅਸਰ ਪਿਆ। ਪੰਜਾਬ ਦੇ ਲੋਕਾਂ ਵਿਚ ਗੁਰੂ ਸਾਹਿਬ ਦਾ ਅਸਰ ਵਧਦਾ ਮਹਿਸੂਸ ਕਰਦਿਆਂ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ। ਨਜ਼ਰਬੰਦੀ ਦੌਰਾਨ ਮਹਾਰਾਜ ਨੂੰ ਜੋ ਰਕਮ ਮਿਲਦੀ ਉਹ ਹੋਰ ਕੈਦੀਆਂ (ਜਿਨ੍ਹਾਂ ਵਿਚ ਕਈ ਰਾਜੇ ਵੀ ਸਨ, ਜੋ ਨਰਕ ਵਾਲਾ ਜੀਵਨ ਬਤੀਤ ਕਰ ਰਹੇ ਸਨ) ਤੇ ਖਰਚ ਕਰ ਦਿੰਦੇ ਸਨ। ਗੁਰਦੇਵ ਦੇ ਜਾਣ ਨਾਲ ਸਾਰਾ ਵਾਤਾਵਰਣ ਹੀ ਬਦਲ ਗਿਆ। ਸਾਈਂ ਮੀਆਂ ਮੀਰ ਜੀ ਜੋ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਖਲੀਫ਼ਾ ਉਮਰ ਦੀ ਅੰਸ ਵਿਚੋਂ ਸਨ, ਮੁਸਲਮਾਨਾਂ ਵਿਚ ਉਨ੍ਹਾਂ ਦਾ ਬਹੁਤ ਅਸਰ-ਰਸੂਖ ਸੀ। ਉਨ੍ਹਾਂ ਦਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਨਜ਼ਰਬੰਦੀ ਤੋਂ ਰਿਹਾਅ ਕਰਵਾਉਣ ਵਿਚ ਵੱਡਾ ਹੱਥ ਸੀ। ਜਦ ਵਜ਼ੀਰ ਖਾਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਰਿਹਾਈ ਦਾ ਹੁਕਮ ਲੈ ਕੇ ਗਵਾਲੀਅਰ ਪੁੱਜਾ ਤਾਂ ਗੁਰੂ ਸਾਹਿਬ ਨੇ ਰਾਜਿਆਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਇਕੱਲਿਆਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਬਾਦਸ਼ਾਹ ਨੇ ਗੁਰੂ ਸਾਹਿਬ ਦੀ ਜ਼ਮਾਨਤ ਉੱਪਰ ਸਭ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ। ਸੋ ਗੁਰੂ ਜੀ ਨੇ ਬਵੰਜਾ ਕਲੀਆਂ ਵਾਲਾ ਖੁੱਲ੍ਹਾ ਚੋਗਾ ਬਣਵਾਇਆ ਤੇ ਉਸ ਦੀ ਇਕ-ਇਕ ਕਲੀ ਉਨ੍ਹਾਂ ਬਵੰਜਾ ਰਾਜਿਆਂ ਦੇ ਹੱਥ ਫੜਾ ਕੇ ਸਭ ਨੂੰ ਲੈ ਕੇ ਹੀ ਕਿਲ੍ਹੇ ਤੋਂ ਬਾਹਰ ਆਏ। ਇਸ ਉਪਕਾਰ ਦਾ ਸਦਕਾ ਲੋਕ ਗੁਰੂ ਮਹਾਰਾਜ ਨੂੰ ਬੰਦੀ ਛੋੜ ਕਹਿਣ ਲੱਗ ਪਏ। ਬਾਦਸ਼ਾਹ ਨੇ ਚੰਦੂ ਨੂੰ ਮੁਜ਼ਰਮ ਦੀ ਹੈਸੀਅਤ ਵਿਚ ਗੁਰੂ ਜੀ ਦੇ ਹਵਾਲੇ ਕਰ ਦਿੱਤਾ। ਗੁਰੂ ਜੀ ਲਾਹੌਰ ਪਹੁੰਚੇ। ਸਿੱਖਾਂ ਦੇ ਦਿਲਾਂ ਵਿਚ ਚੰਦੂ ਵਿਰੁੱਧ ਬਹੁਤ ਗੁੱਸਾ ਸੀ। ਸੋ ਸਿੱਖਾਂ ਨੇ ਚੰਦੂ ਨੂੰ ਬੁਰੀ ਹਾਲਤ ਚ ਸਾਰੇ ਸ਼ਹਿਰ ਵਿਚ ਫੇਰਿਆ। ਜਦੋਂ ਚੰਦੂ ਉਸ ਭਠਿਆਰੇ ਸਾਹਮਣੇ ਗਿਆ, ਜਿਸ ਨੂੰ ਕਦੇ ਚੰਦੂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੀਸ ਵਿਚ ਸੜਦੀ ਰੇਤ ਪਾਉਣ ਵਾਸਤੇ ਮਜਬੂਰ ਕੀਤਾ ਸੀ ਤਾਂ ਭਠਿਆਰਾ ਆਪਣੇ ਕ੍ਰੋਧ ਤੇ ਕਾਬੂ ਨਾ ਪਾ ਸਕਿਆ। ਉਸ ਨੇ ਉਹੀ ਕੜਛਾ (ਜਿਸ ਨਾਲ ਗੁਰੂ ਸਾਹਿਬ ਤੇ ਰੇਤ ਪਾਈ ਸੀ) ਚੰਦੂ ਦੇ ਸਿਰ ਉੱਤੇ ਇੰਨੇ ਜ਼ੋਰ ਨਾਲ ਮਾਰਿਆ ਕਿ ਚੰਦੂ ਦੀ ਮੌਤ ਹੋ ਗਈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ 1663 ਤੋਂ 1665 ਬਿ., ਕਿਲ੍ਹਾ ਲੋਹਗੜ੍ਹ, ਲਾਹੌਰ ਵਿਚ ਪੰਜਵੇਂ ਗੁਰੂ ਜੀ ਦਾ ਸ਼ਹੀਦੀ ਅਸਥਾਨ ਡੇਹਰਾ ਸਾਹਿਬ 1670 ਵਿਚ, ਹਰਿਗੋਬਿੰਦਪੁਰਾ 18 ਅੱਸੂ 1677 ਵਿਚ ਅਤੇ ਕੀਰਤਪੁਰ 1683 ਵਿਚ ਪਹਾੜੀਆਂ ਦੇ ਨੇੜੇ ਵਸਾਇਆ। ਗੁਜਰਾਤ ਵਿਚ ਪੀਰ ਸ਼ਾਹ ਦੌਲਾ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮੁਲਾਕਾਤ ਹੋਈ। ਗੁਰੂ ਸਾਹਿਬ ਦਾ ਠਾਠ ਦੇਖ ਕੇ ਉਸ ਨੇ ਚਾਰ ਸਵਾਲ ਕੀਤੇ: ਔਰਤ ਕੀ ਤੇ ਫ਼ਕੀਰੀ ਕੀ? ਹਿੰਦੂ ਕੀ ਤੇ ਪੀਰੀ ਕੀ? ਪੁੱਤਰ ਕੀ ਤੇ ਵੈਰਾਗ ਕੀ? ਦੌਲਤ ਕੀ ਤੇ ਤਿਆਗ ਕੀ? ਗੁਰੂ ਸਾਹਿਬ ਨੇ ਉੱਤਰ ਦਿੱਤਾ: ਔਰਤ ਈਮਾਨ ਹੈ। ਪੁੱਤਰ ਨਿਸ਼ਾਨ ਹੈ। ਦੌਲਤ ਗੁਜ਼ਰਾਨ ਹੈ। ਫ਼ਕੀਰ ਨਾ ਹਿੰਦੂ ਨਾ ਮੁਸਲਮਾਨ ਹੈ। ਕਾਬਲ ਤੇ ਪਿਸ਼ਾਵਰ ਦੀ ਸੰਗਤ ਦੇ ਨਾਲ ਇਲਾਕੇ ਦੇ ਮਸੰਦ ਭਾਈ ਤਾਰਾ ਚੰਦ ਤੇ ਬਖਤ ਮੱਲ ਗੁਰੂ ਮਹਾਰਾਜ ਵਾਸਤੇ ਦੋ ਸੁੰਦਰ ਘੋੜੇ ਲਿਆ ਰਹੇ ਸਨ ਤਾਂ ਉਥੋਂ ਦੇ ਹਾਕਮ ਨੇ ਜਬਰਦਸਤੀ ਘੋੜੇ ਖੋਹ ਕੇ ਅਸਤਬਲ ਵਿਚ ਦਾਖਲ ਕਰ ਲਏ। ਗੁਰੂ ਸਾਹਿਬ ਕੋਲ ਫ਼ਰਿਆਦ ਪਹੁੰਚੀ ਤਾਂ ਉਨ੍ਹਾਂ ਬਿਧੀ ਚੰਦ ਨੂੰ ਭੇਜਿਆ। ਉਹ ਘੋੜੇ ਲੈ ਆਇਆ ਤਾਂ ਉਨ੍ਹਾਂ ਮਗਰ ਵੀਹ ਹਜ਼ਾਰ ਫੌਜ ਚੜ੍ਹਾ ਭੇਜੀ। 1688 ਵਿਚ ਹੋਈ ਜੰਗ ਵਿਚ ਸਾਰੇ ਹੀ ਨਾਮਵਰ ਜਰਨੈਲ ਜੰਗ ਦੀ ਭੇਟਾ ਹੋ ਗਏ। ਬਾਕੀ ਸੈਨਿਕ ਪ੍ਰਾਣ ਬਚਾ ਕੇ ਲਾਹੌਰ ਮੁੜ ਗਏ। ਯੁੱਧ ਦੀ ਯਾਦ ਵਿਚ ਮਹਾਰਾਜ ਨੇ ਸਰੋਵਰ ਬਣਵਾਇਆ ਜਿਸ ਦਾ ਨਾਮ ਗੁਰੂ ਸਰ ਰੱਖਿਆ। ਕਰਤਾਰਪੁਰ ਵਿਚ ਪੈਂਦੇ ਖਾਂ ਗੁਰੂ ਜੀ ਦੀ ਤਲਵਾਰ ਦੀ ਭੇਟਾ ਹੋ ਗਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੁਗਲ ਫ਼ੌਜਾਂ ਨਾਲ ਚਾਰ ਜੰਗ ਲੜੇ ਤੇ ਚਾਰਾਂ ਵਿਚ ਹੀ ਜਿੱਤ ਪ੍ਰਾਪਤ ਕੀਤੀ। ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਐਤਵਾਰ ਚੇਤ ਸੁਦੀ ਪੰਜ, ਮਿਤੀ ਛੇ ਚੇਤ 1701 ਬਿ. (3 ਮਾਰਚ 1644) ਨੂੰ ਗੁਰਿਆਈ ਆਪਣੇ ਪੋਤਰੇ, ਬਾਬਾ ਗੁਰਦਿੱਤਾ ਜੀ ਦੇ ਸਪੁੱਤਰ (ਗੁਰੂ) ਹਰਿ ਰਾਇ ਸਾਹਿਬ ਜੀ ਨੂੰ ਸੌਂਪ ਕੇ ਕੀਰਤਪੁਰ ਵਿਚ ਜੋਤੀ ਜੋਤ ਸਮਾ ਗਏ। ਆਮ ਤੌਰ ਤੇ ਯੋਧੇ ਤੇ ਬੀਰ ਬਹਾਦਰ ਤੇ ਪਰਉਪਕਾਰੀ ਨਹੀਂ ਹੁੰਦੇ ਪਰ ਛਟਮ ਪੀਰ ਗੁਰੂ ਹਰਿਗੋਬਿੰਦ ਸਾਹਿਬ ਇਕੋ ਵੇਲੇ ਯੋਧੇ ਤੇ ਪਰਉਪਕਾਰੀ ਸਨ। ਗੁਰੂ ਹਰਿਗੋਬਿੰਦ ਸਾਹਿਬ ਐਸੀ ਸ਼ਖ਼ਸੀਅਤ ਸਨ ਜਿਨ੍ਹਾਂ ਉਸ ਬਿਖੜੇ ਸਮੇਂ ਕੌਮ ਨੂੰ ਸਾਹਸ ਦੇ ਕੇ ਆਪਣੇ ਪੈਰਾਂ ਉਤੇ ਖੜ੍ਹਾ ਕੀਤਾ ਜਦਕਿ ਵਿਰੋਧੀਆਂ ਦਾ ਦਾਈਆ ਸੀ ਕਿ ਇਸ ਕੌਮ ਦੀ ਹਸਤੀ ਮਿਟ ਜਾਏਗੀ। ਪਰ ਕੌਮ ਸਗੋਂ ਹੋਰ ਸ਼ਕਤੀਸ਼ਾਲੀ ਹੋ ਗਈ। ਗੱਲ ਕੀ, ਗੁਰੂ ਹਰਿਗੋਬਿੰਦ ਸਾਹਿਬ ਯੋਧੇ, ਨਿਮਰਤਾ ਤੇ ਧੀਰਜ ਦੇ ਸਿਖਰ, ਪਰਉਪਕਾਰ ਦੀ ਸਾਕਾਰ ਮੂਰ ਤ ਸਨ।
Tuesday, June 9, 2009

ਸ੍ਰੀ ਗੁਰੂ ਅਰਜਨ ਦੇਵ ਜੀ

ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਮਾਨਵੀ ਪ੍ਰੇਮ ਦੇ ਅਲੰਬਰਦਾਰ ਪੰਚਮ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਬੀਬੀ ਭਾਨੀ ਜੀ ਦੀ ਕੁੱਖੋਂ 19 ਵੈਸਾਖ, ਸੰਮਤ 1620 (15 ਅਪ੍ਰੈਲ, 1563 ਈ.) ਨੂੰ ਗੋਇੰਦਵਾਲ ਵਿਖੇ ਹੋਇਆ। ਬਚਪਨ ਦੇ ਮੁੱਢਲੇ 11 ਸਾਲ ਆਪ ਜੀ ਨੇ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਹੇਠ ਗੁਜ਼ਾਰਨ ਦੇ ਨਾਲ-ਨਾਲ ਆਪ ਜੀ ਨੇ ਨਾਨਾ ਗੁਰੂ ਤੋਂ ਗੁਰਮੁਖੀ ਦੀ ਵਿੱਦਿਆ ਦੀ ਮੁਹਾਰਤ ਹਾਸਲ ਕੀਤੀ, ਦੇਵਨਾਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ, ਸੰਸਕ੍ਰਿਤ ਦਾ ਗਿਆਨ ਪੰਡਿਤ ਬੇਣੀ ਕੋਲੋਂ, ਗਣਿਤ ਵਿੱਦਿਆ ਮਾਮਾ ਮੋਹਰੀ ਜੀ ਤੋਂ ਹਾਸਲ ਕੀਤੀ ਅਤੇ ਆਪ ਜੀ ਨੂੰ ਧਿਆਨ ਲਗਾਉਣ ਦੀ ਵਿੱਦਿਆ ਆਪ ਜੀ ਦੇ ਮਾਮਾ ਜੀ, ਬਾਬਾ ਮੋਹਨ ਜੀ ਨੇ ਸਿਖਾਈ। ਸ੍ਰੀ ਗੁਰੂ ਅਮਰਦਾਸ ਜੀ ਦਾ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਜਾਣ ਕਰਕੇ ਤੀਜੇ ਗੁਰੂ ਸਾਹਿਬ ਜੀ ਨੇ 1 ਸਤੰਬਰ, 1574 ਚੌਥੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਬਾਬਾ ਬੁੱਢਾ ਜੀ ਨੇ ਗੁਰਿਆਈ ਤਿਲਕ ਦੀ ਰਸਮ ਅਦਾ ਕੀਤੀ, ਉਸੇ ਦਿਨ ਹੀ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ, ਇਸ ਤੋਂ ਬਾਅਦ ਸਾਲ 1574 ਵਿਚ ਹੀ ਸ੍ਰੀ ਗੁਰੂ ਰਾਮਦਾਸ, ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨੋਂ ਪੁੱਤਰਾਂ ਪ੍ਰਿਥੀ ਚੰਦ, ਸ੍ਰੀ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ; ਸਭ ਤੋਂ ਪਹਿਲੀ ਸੇਵਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖਸਰ ਦੀ ਚਲ ਰਹੀ ਸੀ, ਉਸ ਨੂੰ ਅਰੰਭਿਆ ਅਤੇ ਜਿਸ ਟਾਹਲੀ ਹੇਠ ਬੈਠ ਕੇ ਆਪ ਜੀ ਸੇਵਾ ਕਰਵਾਇਆ ਕਰਦੇ ਸਨ, ਅੱਜਕਲ੍ਹ ਉਥੇ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ। ਫਿਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਨ 1577 ਵਿਚ ਪਿੰਡ ਤੁੰਗ ਦੇ ਜ਼ਿਮੀਂਦਾਰਾਂ ਨੂੰ 700 ਅਕਬਰੀ ਮੋਹਰਾਂ ਦੇ ਕੇ ਪੰਜ ਸੌ ਵਿਘੇ ਜ਼ਮੀਨ ਗੁਰੂ ਕੇ ਚੱਕ ਵਾਲੀ ਥਾਂ ਪ੍ਰਾਪਤ ਕੀਤੀ ਸੀ, ਜਿਸ ਦਾ ਨਾਮ ਬਾਅਦ ਵਿਚ ਚੱਕ ਰਾਮਦਾਸ ਪੈ ਗਿਆ। ਇਸੇ ਸਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਦੁਖਭੰਜਨੀ ਬੇਰੀ ਵਾਲੇ ਥਾਂ ਇਕ ਸਰੋਵਰ ਦੀ ਖੁਦਵਾਈ ਆਰੰਭੀ, ਜਿਸ ਨੂੰ ਬਾਅਦ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ। ਇਸ ਸਰੋਵਰ ਦਾ ਨਾਮ ਆਪਣੀ ਦੂਰਅੰਦੇਸ਼ੀ ਨਾਲ ਅੰਮ੍ਰਿਤ ਸਰ ਰੱਖਿਆ। ਇਸ ਤੋਂ ਹੀ ਇਸ ਨਗਰ ਦਾ ਨਾਮ ਅੰਮ੍ਰਿਤਸਰ ਪਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ 23 ਹਾੜ ਸੰਮਤ 1636 ਨੂੰ ਮੌ ਪਿੰਡ (ਤਹਿਸੀਲ ਫਿਲੌਰ) ਦੇ ਵਸਨੀਕ ਸ੍ਰੀ ਕਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ, ਉਸ ਵੇਲੇ ਆਪ ਜੀ ਦੀ ਉਮਰ 16 ਸਾਲ ਦੀ ਸੀ। ਮਾਤਾ ਗੰਗਾ ਜੀ ਦੀ ਕੁੱਖੋਂ 21 ਹਾੜ ਸੰਮਤ 1652 (19 ਜੂਨ 1595) ਨੂੰ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਇਧਰ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਨਿੱਕੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ, ਪਿਆਰ, ਸਤਿਕਾਰ, ਸੁਭਾਅ ਵਿਚ ਨਿਮਰਤਾ ਆਦਿ ਦੇ ਗੁਣਾਂ ਨੂੰ ਦੇਖਦੇ ਹੋਏ 1 ਸਤੰਬਰ 1581 ਨੂੰ ਜੋਤੀ ਜੋਤਿ ਸਮਾਉਣ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਬਾਬਾ ਬੁੱਢਾ ਸਾਹਿਬ ਜੀ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ ਅਤੇ ਆਪ ਚੌਥੇ ਗੁਰੂ ਉਸੇ ਦਿਨ ਹੀ ਜੋਤੀ ਜੋਤਿ ਸਮਾ ਗਏ। ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਦੀ ਸੀ। ਦਸਤਾਰਬੰਦੀ ਦੀ ਰਸਮ ਤੋਂ ਬਾਅਦ ਆਪ ਜੀ ਅਕਤੂਬਰ ਮਹੀਨੇ ਸ੍ਰੀ ਅੰਮ੍ਰਿਤਸਰ ਆ ਗਏ। ਗੁਰਗੱਦੀ ਤੇ ਬਿਰਾਜਮਾਨ ਹੋ ਕੇ ਆਪ ਜੀ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਸ਼ੁਰੂ ਕੀਤਾ। ਸੰਗਤਾਂ ਦੇ ਨਾਲ-ਨਾਲ ਬਾਬਾ ਬੁੱਢਾ ਜੀ ਅਤੇ ਭਾਈ ਸਾਲ੍ਹੋ ਜੀ ਨੂੰ ਇਨ੍ਹਾਂ ਕੰਮਾਂ ਲਈ ਜਥੇਦਾਰ ਥਾਪਿਆ ਅਤੇ ਨਾਲ ਹੀ ਆਪ ਜੀ ਨੇ ਦੂਰ-ਦੂਰ ਤਕ ਗੁਰਸਿੱਖੀ ਨੂੰ ਪ੍ਰਚਾਰਿਆ। ਆਗਰੇ ਤੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਹਿਤ ਭਾਈ ਗੁਰਦਾਸ ਜੀ ਅੰਮ੍ਰਿਤਸਰ ਵਿਖੇ 1583 ਦੇ ਆਰੰਭ ਵਿਚ ਗੁਰੂ ਸਾਹਿਬ ਨੂੰ ਮਿਲੇ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਰੰਭੀ ਸੰਨ 1586 ਈ. ਵਿਚ ਸੰਤੋਖਸਰ ਗੁਰਦੁਆਰਾ ਸਾਹਿਬ ਦੀ ਸੇਵਾ ਵਿਚ ਭਾਈ ਗੁਰਦਾਸ ਜੀ ਨੇ ਅਹਿਮ ਯੋਗਦਾਨ ਪਾਇਆ, ਸਿੱਖੀ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਜੀ ਨੇ 3 ਜਨਵਰੀ, 1588 (ਮਾਘੀ ਵਾਲੇ ਦਿਨ) ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ (ਪੂਰਾ ਨਾਮ ਮੁਅਈਨ-ਉਲ-ਅਸਲਾਮ) ਤੋਂ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰਖਵਾਉਣ ਦਾ ਗੁਰੂ ਸਾਹਿਬ ਦਾ ਮੰਤਵ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸੀ। ਸਰੋਵਰ ਵਿਚ ਬਿਰਾਜਮਾਨ ਸ੍ਰੀ ਹਰਿਮੰਦਰ ਸਾਹਿਬ ਦੀ ਮੂਰਤ ਅਤੇ ਦਿਨ-ਰਾਤ ਹੁੰਦਾ ਗੁਰਬਾਣੀ ਦਾ ਕੀਰਤਨ ਸੁਣ ਕੇ ਅਤੇ ਅਚਰਜ ਨਜ਼ਾਰੇ ਤੱਕ ਕੇ ਦੇਖਣ ਵਾਲੇ ਦੇ ਮਨ ਵਿਚ ਅਜਿਹਾ ਸਵਾਲ ਪੈਦਾ ਹੈ ਕਿ ਕੀ ਇਸ ਤੋਂ ਅੱਗੇ ਵੀ ਕੋਈ ਸੱਚਖੰਡ ਹੈ? 1590 ਤਕ ਗੁਰੂ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿਚ ਰੁੱਝੇ ਰਹੇ ਅਤੇ ਇਸੇ ਹੀ ਸਾਲ ਗੁਰੂ ਸਾਹਿਬ ਨੇ 15 ਅਪ੍ਰੈਲ 1590 ਈ. ਬਾਬਾ ਬੁੱਢਾ ਜੀ ਦੇ ਅਰਦਾਸਾ ਸੋਧਣ ਉਪਰੰਤ ਤਰਨ ਤਾਰਨ ਸਰੋਵਰ ਦੀ ਨੀਂਹ ਰੱਖੀ, ਕਿਉਂਕਿ ਸਿੱਖੀ ਦੇ ਅਸੂਲ ਹਨ, ਆਪ ਤਰਨਾ ਅਤੇ ਦੂਜਿਆਂ ਨੂੰ ਤਾਰਨਾ ਅਤੇ ਗੁਰੂ ਸਾਹਿਬ ਦਾ ਮਨੋਰਥ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪ੍ਰਚਾਰਨਾ ਸੀ ਅਤੇ ਖਾਸ ਕਰਕੇ ਇਸ ਇਲਾਕੇ ਦੇ ਹਾਕਮ ਨੂਰਦੀਨ ਅਤੇ ਉਸ ਦੇ ਪੁੱਤਰ ਅਮੀਰ ਦੀਨ ਅਤੇ ਸਖੀ ਸਰਵਰਾਂ ਦੇ ਵਧ ਰਹੇ ਮੁਸਲਮਾਨੀ ਪ੍ਰਭਾਵ ਨੂੰ ਰੋਕਣਾ ਸੀ, ਇਸ ਲਈ ਆਪ ਜੀ ਖੁਦ ਪ੍ਰਚਾਰ ਹਿੱਤ ਖਡੂਰ ਸਾਹਿਬ ਅਤੇ ਹੋਰ ਇਲਾਕਿਆਂ ਵਿਚ ਗਏ। ਤਰਨ ਤਾਰਨ ਵਿਚ ਕੋਹੜੀ ਘਰ ਬਣਵਾਉਣ ਉਪਰੰਤ ਸਰੋਵਰ ਦੇ ਪਾਣੀ ਨੂੰ ਅੰਮ੍ਰਿਤ ਰੂਪ ਵਿਚ ਬਦਲ ਕੇ ਕੋਹੜਿਆਂ ਦਾ ਕੋਹੜ ਹਮੇਸ਼ਾ ਲਈ ਖਤਮ ਕੀਤਾ। 1593 ਵਿਚ ਆਪ ਜੀ ਨੇ ਜਲੰਧਰ ਕੋਲ (ਦੁਆਬੇ ਵਿਚ) ਧਰਮ ਪ੍ਰਚਾਰ ਕੇਂਦਰ ਹਿਤ ਕਰਤਾਰਪੁਰ ਵਸਾਇਆ ਅਤੇ ਮਾਤਾ ਗੰਗਾ ਜੀ ਦੇ ਨਾਮ ’ਤੇ ਖੂਹ ਲਗਵਾਇਆ। 1594 ਈ. ਨੂੰ ਆਪ ਜੀ ਨੇ ਗੁਰੂ ਕੀ ਵਡਾਲੀ ਨੂੰ ਧਰਮ ਪ੍ਰਚਾਰ ਹਿਤ ਪੱਕਾ ਟਿਕਾਣਾ ਬਣਾਇਆ, ਇਥੇ ਹੀ ਛੇਵੇਂ ਗੁਰੂ ਸਾਹਿਬ ਦਾ ਜਨਮ ਹੋਇਆ। ਇਨ੍ਹਾਂ ਹੀ ਸਾਲਾਂ ਵਿਚ ਸੋਕਾ ਪੈ ਜਾਣ ਕਾਰਨ ਜਨਤਾ ਦੀ ਲੋੜ ਨੂੰ ਮੁੱਖ ਰੱਖ ਕੇ ਆਪ ਜੀ ਨੇ ਦੋ-ਹਰਟੇ, ਚਾਰ-ਹਰਟੇ ਖੂਹ ਲਗਵਾਏ। ਗੁਰੂ ਕੀ ਵਡਾਲੀ ਦੇ ਪੱਛਮ ਵੱਲ ਛੇ-ਹਰਟਾ ਖੂਹ (ਜਿੱਥੇ ਗੁਰਦੁਆਰਾ ਛੇਹਰਟਾ ਸਾਹਿਬ ਹੈ) ਲਗਵਾਇਆ। ਲਾਹੌਰ ਵਿਚ ਭੁੱਖਮਰੀ ਅਤੇ ਕਾਲ ਪੈ ਜਾਣ ਕਾਰਨ ਸੰਨ 1597 ਵਿਚ ਗੁਰੂ ਜੀ ਨੇ ਲਹੌਰ ਪੁੱਜ ਕੇ ਚੂਨਾ ਮੰਡੀ ਵਿਖੇ ਨਿਥਾਵਿਆਂ ਨੂੰ ਥਾਂ ਦੇਣ ਲਈ ਇਮਾਰਤ ਅਤੇ ਪਾਣੀ ਦੀ ਜ਼ਰੂਰਤ ਲਈ ਡੱਬੀ ਬਜ਼ਾਰ ਵਿਚ ਬਾਉਲੀ ਬਣਵਾਈ। ਸੰਨ 1599 ਈ. ਵਿਚ ਲੋਕਾਂ ਨੂੰ ਵਹਿਮਾਂ-ਭਰਮਾਂ ’ਚੋਂ ਕੱਢਣ ਲਈ ਧਰਮ ਪ੍ਰਚਾਰ ਹਿਤ ਆਪ ਜੀ, ਡੇਰਾ ਬਾਬਾ ਨਾਨਕ, ਕਰਤਾਰਪੁਰ (ਰਾਵੀ ਵਾਲੇ) ਕਲਾਨੌਰ ਦੇ ਪ੍ਰਚਾਰ ਦੌਰੇ ਤੋਂ ਬਾਰਠ ਵਿਖੇ ਬਾਬਾ ਸ੍ਰੀ ਚੰਦ ਜੀ ਨੂੰ ਮਿਲੇ। ਇਕ ਸਾਲ ਦੇ ਪ੍ਰਚਾਰ ਦੌਰੇ ਤੋਂ ਬਾਅਦ ਆਪ ਜੀ ਅੰਮ੍ਰਿਤਸਰ ਪਹੁੰਚੇ। ਗੁਰੂ ਸਾਹਿਬ ਜੀ ਨੇ ਆਪਣੇ ਗੁਰਗੱਦੀ ਕਾਲ ਵਿਚ, ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਣ ਅਤੇ ਪਹਿਲੇ ਗੁਰੂ ਸਾਹਿਬਾਂ ਦੀ, ਸੰਤਾਂ, ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੀਤਾ। ਇਸ ਮਹਾਨ ਕੰਮ ਨੂੰ ਕਰਨ ਲਈ ਗੁਰੂ ਸਾਹਿਬ ਨੇ ਇਕਾਂਤ ਵਾਸ ਜਗ੍ਹਾ ਸ੍ਰੀ ਰਾਮਸਰ (ਗੁਰਦੁਆਰੇ ਸ਼ਸ਼ੋਭਿਤ) ਅੰਮ੍ਰਿਤਸਰ ਚੁਣੀ। ਆਪ ਜੀ ਨੇ ਸੰਨ 1601 ਤੋਂ ਲੈ ਕੇ ਅਗਸਤ 1604 ਦੇ ਲੰਮੇ ਅਰਸੇ ਦੌਰਾਨ ਇਹ ਕੰਮ ਸੰਪੂਰਨ ਕੀਤਾ ਅਤੇ ਇਕ ਮਹਾਨ ਗ੍ਰੰਥ ਤਿਆਰ ਕੀਤਾ ਜਿਸ ਵਿਚ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਜਿਨ੍ਹਾਂ ਵਿਚ ਪੰਜ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ। ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ। ਭਾਈ ਬੰਨੋ ਜੀ ਨੇ ਜਿਲਦ ਸਾਜ ਕੀਤੀ ਅਤੇ 30 ਅਗਸਤ 1604 ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ, ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ ’ਤੇ ਪਹਿਲਾ ਹੁਕਮਨਾਮਾ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦੁੱਤੀ ਉਪਦੇਸ਼ਾਂ ਦਾ ਅਸਰ ਮੁਸਲਮਾਨ ਉਲਮਾਵਾਂ ਅਤੇ ਕਾਜ਼ੀਆਂ ਨੇ ਕਬੂਲਿਆ ਕਿਉਂਕਿ ਮੁਸਲਮਾਨ ਕੱਟੜਪੰਥੀ ਆਪਣੇ ਧਰਮ ਦੀ ਬਰਾਬਰੀ ਬਰਦਾਸ਼ਤ ਨਹੀਂ ਕਰ ਸਕਦੇ ਸਨ। ਅਕਬਰ ਦਾ ਪੁੱਤਰ ਜਹਾਂਗੀਰ ਜਦੋਂ ਤਖ਼ਤ ’ਤੇ ਬੈਠਾ ਤਾਂ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਉਸ ਦੇ ਕੰਨ ਭਰਨੇ ਸ਼ੁਰੂ ਕੀਤੇ। ਇਸ ਕੰਮ ਵਿਚ ਚੰਦੂ ਦੀ ਈਰਖਾ ਨੇ ਵੀ ਬਹੁਤ ਜ਼ਿਆਦਾ ਰੋਲ ਅਦਾ ਕੀਤਾ। ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਿਹਾ ਕਿ ਗੁਰੂ ਸਾਹਿਬ ਦਾ ਮਾਲ ਅਸਬਾਬ ਜ਼ਬਤ ਕਰਕੇ ਉਨ੍ਹਾਂ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਕਿਹਾ, ਜਿਸ ’ਤੇ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ। ਇਕ ਪਾਸੇ ਚੰਦੂ ਦੀ ਈਰਖਾ ਸੀ ਕਿ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਰਨ ਤੋਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ, ਅਖੀਰ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ, ਇਸ ਕੰਮ ਲਈ ਖਾਸ ਤੌਰ ’ਤੇ ਨਿਰਦਈ ਚੰਦੂ ਨੂੰ ਲਗਾਇਆ ਗਿਆ। ਗੁਰੂ ਸਾਹਿਬ ਨੂੰ ਤੱਤੀ ਤਵੀ ’ਤੇ ਬਿਠਾ ਕੇ ਸੀਸ ’ਤੇ ਤੱਤੀ ਰੇਤ ਪਾਈ ਗਈ ਅਤੇ ਬਾਅਦ ਵਿਚ ਉਬਲਦੇ ਪਾਣੀ ਦੀ ਦੇਗ ਵਿਚ ਪਾਇਆ ਗਿਆ। ਪਰ ਗੁਰੂ ਸਾਹਿਬ ਨੇ ‘ਤੇਰੇ ਭਾਣੇ ਵਿਚ ਅੰਮ੍ਰਿਤ ਵਸੇ’ ਦੀ ਧੁਨੀ ਜਾਰੀ ਰੱਖੀ ਅੰਤ 30 ਮਈ, 1606 ਨੂੰ ਛੇਵੇਂ ਦਿਨ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ ਅਤੇ ਰਾਵੀ ਦਰਿਆ ਵਿਚ ਰੋੜ੍ਹਿਆ ਗਿਆ। ਅੱਜਕਲ੍ਹ ਉਹ ਜਗ੍ਹਾ ਗੁਰਦੁਆਰਾ ਡੇਹਰਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ ਜੋ ਕਿ ਪਾਕਿਸਤਾਨ ਵਿਚ ਹੈ

ਗੁਰੂ ਰਾਮਦਾਸ ਜੀ

ਚੌਥੇ ਪਾਤਿਸ਼ਾਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ 24 ਸਤੰਬਰ ਸੰਨ 1534 ਈ ਨੂੰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। ਛੋਟੀ ਉਮਰ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਅਕਲਾ ਚਲਾਣਾ ਕਰ ਗਏ। ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ ਨੂੰ ਉਹਨਾਂ ਦੀ ਨਾਨੀ ਜੀ ਆਪਣੇ ਨਾਲ ਪਿੰਡ ਬਾਸਰਕੇ ਲੈ ਆਏ। ਆਪ ਜੀ ਕੁੱਝ ਸਾਲ ਪਿੰਡ ਬਾਸਕਰੇ ਵਿੱਚ ਰਹੇ। ਜਦੋਂ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਨਾਲ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਗੋਂਦੇ ਦੀ ਬੇਨਤੀ ਤੇ ਗੋਵਿੰਦਵਾਲ ਸਾਹਿਬ ਨਗਰ ਵਸਾਇਆ ਤਾਂ ਬਾਸਰਕੇ ਪਿੰਡ ਦੇ ਕਾਫੀ ਪਰਿਵਾਰਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਲਿਆਂਦਾ ਗਿਆ। ਇਹਨਾਂ ਵਿੱਚ ਭਾਈ ਜੇਠਾ ਜੀ ਵੀ ਉਹਨਾਂ ਦੀ ਨਾਨੀ ਜੀ ਦੇ ਨਾਲ ਗੋਵਿੰਦਵਾਲ ਸਾਹਿਬ ਆ ਗਏ। ਮਾਤਾ ਰਾਮ ਕੌਰ ਜੀ ਜੋ ਕਿ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੁਪਤਨੀ ਸਨ। ਉਹਨਾਂ ਨੇ ਇਕ ਵਾਰ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਿਹਾ ਕਿ ਬੀਬੀ ਭਾਨੀ ਜੀ ਦੇ ਲਈ ਯੋਗ ਵਰ ਲਭਣਾ ਚਾਹੀਦਾ ਹੈ। ਉਦੋਂ ਹੀ ਭਾਈ ਜੇਠਾ ਜੀ ਉਥੇ ਆਏ ਆਪ ਜੀ ਸੁਭਾਅ ਬਹੁਤ ਹੀ ਵਧੀਆ ਸੀ। ਆਪ ਜੀ ਨਿਮਰਤਾ ਦੇ ਸਾਗਰ ਸਨ। ਮਾਤਾ ਰਾਮ ਕੌਰ ਜੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਆਪ ਜੀ ਨੂ ਬਹੁਤ ਪਸੰਦ ਕਰਦੇ ਸੀ। ਜਦੋਂ ਆਪ ਜੀ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਨਜਦੀਕ ਪਹੁੰਚੇ ਤਾਂ ਆਪ ਜੀ ਨੂੰ ਦੇਖ ਕੇ ਮਾਤਾ ਰਾਮ ਕੌਰ ਜੀ ਨੇ ਕਿਹਾ ਕਿ ਇਹੋ ਜਿਹਾ ਵਰ ਭਾਣੀ ਦੇ ਲਈ ਚਾਹੀਦਾ ਹੈ। ਮਾਤਾ ਜੀ ਦੀ ਗੱਲ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਕਿ ਇਹਨਾਂ ਦੇ ਵਰਗਾ ਤਾਂ ਇਹ ਹੀ ਹਨ। ਇਹਨਾਂ ਵਰਗਾ ਹੋਰ ਕੋਈ ਹੋ ਹੀ ਨਹੀਂ ਸਕਦਾ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਣੀ ਜੀ ਦਾ ਵਿਹਾਅ ਜੇਠਾ ਜੀ ਨਾਲ ਕਰਵਾਇਆ। ਬਾਅਦ ਵਿੱਚ ਜੇਠਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਰਖਿਆ ਗਿਆ। ਆਪ ਜੀ ਨੇ ਆਪਣੇ ਗੁਰਦੇਵ ਸੁਹਰੇ ਜੀ ਦੀ ਸੇਵਾ ਹਮੇਸ਼ਾ ਇੱਕ ਸਿੱਖ ਦੀ ਤਰ੍ਹਾਂ ਕੀਤੀ ਕਦੀ ਵੀ ਆਪ ਜੀ ਨੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣਾ ਸੁਹਰਾ ਨਹੀਂ ਜਾਣਿਆ ਸਦਾ ਹੀ ਉਹਨਾਂ ਨੂੰ ਆਪਣਾ ਗੁਰੂ ਤੇ ਆਪ ਨੂੰ ਉਹਨਾਂ ਦਾ ਸੇਵਕ ਹੀ ਜਾਣਿਆ ਸੀ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੇ ਆਪ ਜੀ ਨੇ ਨਗਰ ਵਸਾਇਆਂ ਜਿਸ ਦਾ ਨਾਮ ਗੁਰੂ ਕਾ ਚੱਕ ਸੀ। ਬਾਅਦ ਵਿੱਚ ਇਸ ਦਾ ਨਾਮ ਰਾਮਦਾਸਪੁਰ ਹੋ ਗਿਆ। ਅੱਜ ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਇੱਕ ਸਤੰਬਰ 1574 ਈ. ਵਿੱਚ ਆਪ ਜੀ ਨੇ ਗੁਰਗੱਦੀ ਦੀ ਸੇਵਾ ਸੰਭਾਲੀ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਸੁਭਾਅ ਬਹੁਤ ਹੀ ਦਇਆਲੂ ਅਤੇ ਨਿਮਰਤਾ ਵਾਲਾ ਸੀ। ਆਪ ਜੀ ਦੇ ਘਰ ਤਿੰਨ ਸਪੁੱਤਰਾਂ ਦਾ ਜਨਮ ਹੋਇਆ ਸੀ। ਬਾਬਾ ਪ੍ਰਿਥੀ ਚੰਦ, ਮਹਾਂਦੇਵ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚੀ ਬਾਣੀ 30 ਰਾਗਾਂ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਿਸ ਵਿੱਚ 679 ਸ਼ਬਦ ਹਨ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਨੂੰ ਲੱਖ ਲੱਖ ਵਧਾਈਆਂ ਹੋਵੇ ਜੀ।

ਗੁਰੂ ਅਮਰਦਾਸ ਜੀ

ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਸਨ। ਗੁਰੂ ਅਮਰਦਾਸ ਜੀ ਦਾ ਜਨਮ 5 ਮਈ ਸੰਨ1479 ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਤੇਜਭਾਨ ਜੀ ਅਤੇ ਮਾਤਾ ਸੁਲੱਖਣੀ ਜੀ ਸਨ। ਜਿੱਥੇ ਹੁਣ ਗੋਇੰਦਵਾਲ ਨਗਰ ਹੈ ਉਹ ਪਹਿਲਾਂ ਇੱਕ ਦਮ ਬੰਜਰ ਸੀ. ਉਸ ਜਮੀਨ ਦਾ ਮਾਲਕ ਸੀ ਗੋਇੰਦਾ ਨਾਮ ਦਾ ਇੱਕ ਵਿਅਕਤੀ. ਉਸ ਨੇ ਉਸ ਬੰਜਰ ਜਮੀਨ ਤੇ ਕਈ ਵਾਰ ਸ਼ਹਿਰ ਵਸਾਉਣ ਦੀ ਬਹੁਤ ਕੋਸ਼ਿਸ਼ ਕੀਤੀ. ਜਦੋਂ ਵੀ ਉਹ ਘਰ ਨੂੰ ਉਸਾਰਦਾ ਤਾਂ ਕੁੱਝ ਬਦਮਾਸ਼ ਆ ਕੇ ਕੰਧਾ ਨੂੰ ਢਾਹ ਦਿੰਦੇ ਅਤੇ ਸਭ ਕੁੱਝ ਉਜਾੜ ਦਿੰਦੇ. ਗੋਇੰਦਾ ਇਸ ਗੱਲ ਤੋਂ ਬਹੁਤ ਪਰੇਸ਼ਾਨ ਹੋ ਗਿਆ ਅਤੇ ਉਸ ਨੇ ਆ ਕੇ ਗੁਰੂ ਅੰਗਦ ਦੇਵ ਜੀ ਅੱਗੇ ਬੇਨਤੀ ਕੀਤੀ ਕੇ ਮਹਾਰਾਜ ਕਿਰਪਾ ਕਰ ਕੇ ਨਗਰ ਵਸਾਉਣ ਵਿੱਚ ਮੇਰੀ ਮਦਦ ਕਰੋ. ਮੈਂ ਉਸ ਥਾਂ ਤੇ ਆਪ ਜੀ ਲਈ ਵੀ ਸਥਾਨ ਬਨਵਾਉਣਾ ਚਾਹੁੰਦਾ ਹਾਂ. ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੋਵਿੰਦਾ ਦੀ ਬੇਨਤੀ ਨੂੰ ਪਰਵਾਣ ਕਰਦੇ ਹੋਏ ਆਪਣੇ ਪੁੱਤਰ ਨੂੰ ਕਿਹਾ ਕਿ ਉਹ ਗੋਇੰਦੇ ਦੇ ਨਾਲ ਜਾਣ. ਪਰ ਉਹਨਾਂ ਦੇ ਪੁੱਤਰ ਨੇ ਜਾਣ ਲਈ ਨਾਂਹ ਕਰ ਦਿੱਤੀ, ਫਿਰ ਗੁਰੂ ਸਾਹਿਬ ਜੀ ਨੇ ਸ਼੍ਰੀ ਅਮਰਦਾਸ ਜੀ ਨੂੰ ਕਿਹਾ ਕਿ ਆਪ ਗੋਇੰਦੇ ਦੇ ਨਾਲ ਜਾ ਕੇ ਉਸ ਦੀ ਮਦਦ ਕਰਨ ਨਗਰ ਵਸਾਉਣ ਵਿੱਚ. ਸ਼੍ਰੀ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਹੁਕੁਮ ਨੂੰ ਸਿਰ ਮੱਥੇ ਪਰਵਾਣ ਕਰਦੇ ਹੋਏ ਗੋਇੰਦੇ ਦੇ ਨਾਲ ਜਾ ਕੇ ਨਗਰ ਵਸਾਉਣ ਵਿੱਚ ਮਦਦ ਕੀਤੀ. ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਸ ਬੰਜਰ ਜਮੀਨ ਤੇ ਬਹੁਤ ਸੁੰਦਰ ਨਗਰ ਵਸਾਇਆ ਗਿਆ ਅਤੇ ਗੋਇੰਦੇ ਦੀ ਇੱਛਾ ਦੇ ਅਨੁਸਾਰ ਉਸ ਨਗਰ ਦਾ ਨਾਮ ਗੋਇੰਦਵਾਲ ਰੱਖਿਆ ਗਿਆ. ਉਸ ਸਥਾਨ ਤੇ ਗੁਰੂ ਸਾਹਿਬ ਜੀ ਦੇ ਲਈ ਵੀ ਇੱਕ ਬਹੁਤ ਸੁੰਦਰ ਸਥਾਨ ਬਣਾਇਆ ਗਿਆ ਬਾਅਦ ਵਿੱਚ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਹੁਕੁਮ ਅਨੁਸਾਰ ਗੁਰੂ ਅਮਰਦਾਸ ਸਾਹਿਬ ਜੀ ਨੇ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ.

ਗੁਰੂ ਅੰਗਦ ਦੇਵ ਜੀ

ਗੁਰੂ ਨਾਨਕ ਦੇਵ ਤੋਂ ਬਾਅਦ ਗੁਰੂ ਗੱਦੀ ਤੇ ਬੈਠਣ ਵਾਲੇ ਉਹ ਦੂਜੇ ਸਿੱਖ ਗੁਰੂ ਸਨ। ਉਨ੍ਹਾਂ ਦਾ ਜਨਮ 31 ਮਾਰਚ 1504 ਈ. ਐਤਵਾਰ ਨੂੰ ਮਤੇ-ਦੀ-ਸਰਾਂ (ਹੁਣ ਨਾਗੇ-ਦੀ-ਸਰਾਂ) ਜਿ਼ਲ੍ਹਾ ਫਰੀਦਕੋਟ ਵਿਚ ਫੇਰੂ ਮਲ ਖੱਤਰੀ (ਤ੍ਰੇਹਨ) ਦੇ ਘਰ ਮਾਤਾ ਦਯਾ ਜੀ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਮੂਲ ਨਾਂ ‘ਲਹਿਣਾ’ ਸੀ। ਉਨ੍ਹਾਂ ਦੇ ਪਿਤਾ ਫੇਰੂ ਮੱਲ ਉਰਦੂ, ਫਾਰਸੀ ਦੇ ਵਿਦਵਾਨ ਤੇ ਹਿਸਾਬ ਕਿਤਾਬ ਵਿਚ ਬਹੁਤ ਮਾਹਰ ਸਨ। ਉਹ ਵਣਜ ਵਪਾਰ ਕਰਦੇ ਸਨ ਅਤੇ ਦੇਵੀ ਦੇ ਉਪਾਸ਼ਕ ਸਨ। ਭਾਈ ਲਹਿਣਾ ਜੀ ਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਕ ਸੀ। ਭਾਈ ਕੇਸਰ ਸਿੰਘ ਛਿਬਰ ਨੇ ਬੰਸਾਵਲੀਨਾਮਾ ਦੇ ਪੰਨਾ 50 ‘ਤੇ ਲਿਖਿਆ ਹੈ: ਬਡੋ ਹੋਇ ਕਰ ਬਿਦਿਆ ਪੜ੍ਹੇ। ਯਗਿਓ ਪਵੀਤ ਪਾਇਆ, ਖੇਡੈ ਹੰਸ ਘੋੜੀ ਚੜ੍ਹੇ। ਮੁੱਢਲੀ ਵਿਦਿਆ ਖਤਮ ਕਰਨ ਪਿੱਛੋਂ ਭਾਈ ਲਹਿਣਾ ਜੀ ਨੇ ਆਪਣੇ ਪਰਿਵਾਰਕ ਧੰਦੇ ਵਿਚ ਭਾਗ ਲੈਣਾ ਆਰੰਭ ਕਰ ਦਿੱਤਾ। ਉਨ੍ਹਾਂ ਦਾ ਵਿਆਹ ਸੰਨ 1519 ਈ. ਵਿਚ ਖਡੂਰ ਸਾਹਿਬ ਤੋਂ ਤਿੰਨ ਮੀਲ ਪਿੰਡ ਸੰਘਰ ਦੇ ਇਕ ਸ਼ਾਹੂਕਾਰ ਲਾਲਾ ਦੇਵੀ ਚੰਦ ਮਰਵਾਹ ਦੀ ਸਪੁੱਤਰੀ ਬੀਬੀ ਖੀਵੀ ਨਾਲ ਹੋਇਆ। ਉਸ ਸਮੇਂ ਉਨ੍ਹਾਂ ਦੀ ਉਮਰ 15 ਸਾਲ ਦੇ ਕਰੀਬ ਸੀ ਅਤੇ ਬੀਬੀ ਖੀਵੀ ਦੀ 13 ਸਾਲ। ਪਿਤਾ ਬਾਬਾ ਫੇਰੂ ਮਲ 1526 ਈ. ਵਿਚ ਚੜ੍ਹਾਈ ਕਰ ਗਏ ਤੇ ਭਾਈ ਲਹਿਣਾ ਜੀ ਉਤੇ ਨਾ ਸਿਰਫ ਸਾਰੇ ਪਰਿਵਾਰ ਦੀ ਅਤੇ ਦੁਕਾਨਦਾਰੀ ਦੀ ਜਿ਼ੰਮੇਵਾਰੀ ਆ ਪਈ ਬਲਕਿ ਪਿਤਾ ਵਾਂਗ ਦੇਵੀ ਭਗਤਾਂ ਦਾ ਆਗੂ ਵੀ ਉਹ ਨੂੰ ਥਾਪਿਆ ਗਿਆ। ਮੱਤੇ-ਦੀ-ਸਰਾਂ ਦੇ ਉਜਾੜੇ ਕਾਰਨ ਉਹ ਖਡੂਰ ਸਾਹਿਬ 1524 ਈ. ਵਿਚ ਆ ਵਸੇ। ਏਥੇ ਉਨ੍ਹਾਂ ਦੇ ਘਰ ਦੋ ਲੜਕੇ ਤੇ ਦੋ ਲੜਕੀਆਂ ਦਾ ਜਨਮ ਹੋਇਆ। ਦਾਸੂ ਜੀ-1524ਈ, ਬੀਬੀ ਅਮਰੋ-1526 ਈ., ਬੀਬੀ ਅਨੋਖੀ-1535 ਈ, ਦਾਤੂ ਜੀ-1537 ਈ। (ਕੇਸਰ ਸਿੰਘ ਛਿਬਰ ਬੰਸਾਵਲੀ ਨਾਮਾ ਦਸ ਪਾਤਸ਼ਾਹੀਆਂ ਕਾ ਪੰਨਾ 51) ਉਨ੍ਹਾਂ ਦੀ ਉਮਰ 22 ਸਾਲ ਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਜੀ ਦਾ ਦਿਹਾਂਤ ਹੋਇਆ। ਪਿਤਾ ਦੀਆਂ ਜਿ਼ੰਮੇਵਾਰੀਆਂ ਨਿਭਾਉਣ ਲਈ ਉਨ੍ਹਾਂ ਨੂੰ ਹਰ ਸਾਲ ਦੇਵੀ ਭਗਤਾਂ ਨਾਲ ਵੈਸ਼ਨੂ ਦੇਵੀ ਦੇ ਦਰਸ਼ਨਾਂ ਲਈ ਜਾਣਾ ਪੈਂਦਾ ਪਰ ਫਿਰ ਵੀ ਮਨ ਨੂੰ ਸ਼ਾਂਤੀ ਨਾ ਮਿਲਦੀ। ਇਕ ਦਿਨ ਸਵੇਰੇ ਅੰਮ੍ਰਿਤ ਵੇਲੇ ਭਾਈ ਜੋਧ ਜੀ ਤੋਂ ਉਨ੍ਹਾਂ ਨੇ ‘‘ਜਪੁਜੀ ਤੇ ਆਸਾ ਦੀ ਵਾਰ’’ ਸੁਣੀ। ਉਨ੍ਹਾਂ ਨੂੰ ਇਉਂ ਲੱਗਿਆ ਕਿ ਅਸਲ ਜੀਵਨ ਜੁਗਤੀ ਇਹੀ ਹੈ। ਭਾਈ ਜੋਧ ਜੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਤੇ ਉਹ ਅੱਜ-ਕੱਲ੍ਹ ਦਰਿਆ ਰਾਵੀ ਦੇ ਕਿਨਾਰੇ ਵਸਾਏ ਹੋਏ ਨਗਰ ਕਰਤਾਰਪੁਰ ਵਿਖੇ ਸੰਸਾਰ ਦੇ ਲੋਕਾਂ ਨੂੰ ਸੱਚ ਦਾ ਰਾਹ ਦਿਖਾ ਰਹੇ ਹਨ। ਭਾਈ ਲਹਿਣਾ ਜੀ ਦੇ ਅੰਦਰ ਗੁਰੂ ਦਰਸ਼ਨਾਂ ਦੀ ਤਾਂਘ ਤੇਜ਼ ਹੋ ਗਈ। ਉਨ੍ਹਾਂ ਨੇ ਛੇਤੀ ਹੀ ਕਰਤਾਰਪੁਰ ਜਾਣ ਦਾ ਫੈਸਲਾ ਕਰ ਲਿਆ। ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਖਤਮ ਕਰਕੇ 1522 ਈ. ਵਿਚ ਰਾਵੀ ਕੰਢੇ ‘ਤੇ ਕਰਤਾਰਪੁਰ ਨਗਰ ਵਸਾ ਕੇ ਰਹਿ ਰਹੇ ਸਨ। ਉਹ 17 ਸਾਲ 5 ਮਹੀਨੇ ਤੇ 9 ਦਿਨ ਏਥੇ ਹੀ ਰਹੇ ਤੇ ਏਥੇ ਹੀ ਜੋਤੀ ਜੋਤ ਸਮਾਏ। ਸੋ 1532 ਈ. ਵਿਚ ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾਂ ਨੂੰ ਜਾਂਦਿਆਂ ਹੋਇਆਂ ਰਾਹ ਵਿਚ ਪੈਂਦੇ ਕਰਤਾਰਪੁਰ ਗੁਰੂ ਜੀ ਦੇ ਦਰਸ਼ਨਾਂ ਲਈ ਰੁਕ ਗਏ। ਗੁਰੂ ਨਾਨਕ ਦੇਵ ਜੀ ਦੀ ਸਾਧਨਾ-ਪੱਧਤੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਦੇਵੀ-ਪੂਜਾ ਦੀ ਬ੍ਰਿਤੀ ਛੱਡ ਦਿੱਤੀ ਅਤੇ ਆਪਣੀ ਅਧਿਆਤਮਕ ਉਨਤੀ ਲਈ ਗੁਰੂ ਨਾਨਕ ਦੇਵ ਦੇ ਚਰਨਾਂ ਵਿਚ ਰਹਿਣ ਦਾ ਮਨ ਬਣਾ ਲਿਆ। ਪਰ ਜਦੋਂ ਉਹ ਘਰ ਵਾਪਸ ਪਰਤੇ ਤਾਂ ਪਰਿਵਾਰ ਤੇ ਭਾਈਚਾਰੇ ਨੂੰ ਇਹ ਗੱਲ ਚੰਗੀ ਨਾ ਲੱਗੀ। ਇਸ ਵਿਰੋਧ ਕਾਰਨ ਉਹ ਘਰ-ਬਾਰ ਛੱਡ ਕੇ ਗੁਰੂ ਨਾਨਕ ਦੇਵ ਦੀ ਸੇਵਾ ਵਿਚ ਕਰਤਾਰਪੁਰ ਰਹਿਣ ਲਈ ਤੁਰ ਪਏ। ਗੁਰੂ ਨਾਨਕ ਦੇਵ ਨੇ ਉਨ੍ਹਾਂ ਦੀ ਸਾਧਨਾਂ ਦੀ ਗਹਿਰਾਈ ਦੀ ਕਈ ਢੰਗਾਂ ਨਾਲ ਪ੍ਰੀਖਿਆ ਲਈ। ਉਹ ਹਰ ਪ੍ਰੀਖਿਆ ਵਿਚ ਪੂਰੇ ਉਤਰੇ। ਕੁਝ ਸਮਾਂ ਬੀਤਣ ਤੋਂ ਬਾਅਦ ਉਹ ਗੁਰੂ ਜੀ ਪਾਸੋਂ ਆਗਿਆ ਲੈ ਕੇ ਆਪਣੇ ਘਰ ਗਏ। ਘਰ ਬਾਹਰ ਤੇ ਬੱਚਿਆਂ ਦੀ ਸੰਭਾਲ ਦਾ ਜਿ਼ੰਮਾ ਮਾਤਾ ਖੀਵੀ ਜੀ ਨੂੰ ਸੌਂਪ ਕੇ ਭਾਈ ਲਹਿਣਾ ਜਲਦੀ ਹੀ ਫਿਰ ਗੁਰੂ ਨਾਨਕ ਦੇਵ ਦੀ ਸੱਚੀ ਤੇ ਸੁੱਚੀ ਸੰਗਤ ਦਾ ਆਨੰਦ ਮਾਨਣ ਲਈ ਕਰਤਾਰਪੁਰ ਪਹੁੰਚ ਗਏ। ਉਹ 1539 ਈ. ਭਾਵ ਸੱਤ ਸਾਲ ਤਕ ਕਰਤਾਰਪੁਰ ਹੀ ਰਹੇ। ਇਨ੍ਹਾਂ ਸੱਤਾਂ ਸਾਲਾਂ ਇਚ ਉਨ੍ਹਾਂ ਨੇ ਪੂਰਨ ਤੌਰ ਤੇ ਆਪਣੇ ਆਪ ਨੂੰ ਗੁਰੂ ਚਰਨਾਂ ਨਾਲ ਜੋੜੀ ਰੱਖਿਆ। ਕਠਿਨ ਤੋਂ ਕਠਿਨ ਪ੍ਰੀਖਿਆ ਦੀ ਘੜੀ ਵਿਚ ਉਨ੍ਹਾਂ ਦਾ ਮਨ ਨਹੀਂ ਡੋਲਿਆ। ਬਲਕਿ ਗੁਰੂ ਜੀ ਵਿਚ ਉਨ੍ਹਾਂ ਦਾ ਵਿਸ਼ਵਾਸ ਹੋਰ ਵੀ ਪਰਪੱਕ ਹੁੰਦਾ ਗਿਆ। ਗੁਰੂ ਨਾਨਕ ਦੇਵ ਨੂੰ ਆਪਣੀ ਢਲ ਰਹੀ ਉਮਰ ਕਰਕੇ ਆਪਣੇ ਮਿਸ਼ਨ ਨੂੰ ਜਾਰੀ ਰਖਣ ਲਈ ਉਤਰਾਧਿਕਾਰੀ ਦੀ ਚੋਣ ਦਾ ਵੀ ਖਿਆਲ ਸੀ। ਉਨ੍ਹਾਂ ਨੇ ਜੋ ਪਰਖਾਂ ਕੀਤੀਆਂ, ਉਨ੍ਹਾਂ ਵਿਚ ਆਪਣੇ ਸਿੱਖਾਂ ਤੋਂ ਛੁਟ, ਆਪਣੇ ਦੋਵਾਂ ਪੁੱਤਰਾਂ, ਭਾਵ ਬਾਬਾ ਸਿਰੀ ਚੰਦ ਤੇ ਬਾਬਾ ਲਕਸ਼ਮੀ ਦਾਸ ਨੂੰ ਵੀ ਸ਼ਾਮਲ ਕੀਤਾ। ਗੁਰੂ ਨਾਨਕ ਦੇਵ ਭਾਈ ਲਹਿਣਾ ਦੀ ਸੇਵਾ ਅਤੇ ਭਗਤੀ ਤੋਂ ਅਜਿਹੇ ਪ੍ਰਭਾਵਿਤ ਹੋਏ ਕਿ ਅੰਗਦ ਨਾਉ ਰਖ ਕੇ 13 ਜੂਨ ਸੰਨ 1539 ਨੂੰ ਆਪਣਾ ਉਤਰਾਧਿਕਾਰੀ ਘੋਸਿ਼ਤ ਕੀਤਾ। ਉਨ੍ਹਾਂ ਸਪਸ਼ਟ ਐਲਾਨ ਕੀਤਾ: ਅਬ ਤੂੰ, ਮੇਰੇ ਅੰਗ ਤੇ ਭਇਆ ਤੂੰ ਲਹਿਣਾ ਮੈਂ ਦੇਨਾ ਭਇਆ। (ਬਾਵਾ ਸਰੂਪ ਦਾਸ ਭੱਲਾ) ਇਵੇਂ ਹੀ ਰਾਮਕਲੀ ਦੀ ਵਾਰ ਵਿਚ ਰਾਏ ਬਲਵੰਤ ਤੇ ਸਤੇ ਡੂਮ ਨੇ ਸਪਸ਼ਟ ਕਿਹਾ ਕਿ ਅੰਗਦ ਦੇਵ ਜੀ ਹੀ ਹੁਣ ਗੁਰੂ ਹਨ। ਜੋਤਿ ਸਰੂਪ ਹਰਿ ਉਹ ਹਨ। ਮੇਰੀ ਅਤੇ ਇਨ੍ਹਾਂ ਦੀ ਜੋਤਿ ਤੇ ਜੁਗਤਿ ਵਿਚ ਕੋਈ ਅੰਤਰ ਨਹੀਂ। ਕੇਵਲ ਕਾਇਆ ਹੀ ਬਦਲੀ ਹੈ: ਲਹਿਣੇ ਕੀ ਫਗਈਐ ਨਾਨਕਾ ਦੋਹੀ ਖਟੀਐ। ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ। ਸਤਾ ਬਲਵੰਡ (ਰਾਮਕਲੀ ਕੀ ਵਾਰ) ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦਾ ਨਾਂ ਦੇ ਕੇ ਗੁਰੂ ਨਾਨਕ ਨੇ ਉਨ੍ਹਾਂ ਅੱਗੇ ਮੱਥਾ ਟੇਕਿਆ ਅਤੇ ਗੁਰੂ ਚੇਲਾ ਦੀ ਰੀਤੀ ਨੂੰ ਜਨਮ ਦਿੱਤਾ। ਇਸਤੋਂ ਛੁੱਟ ਉਨ੍ਹਾਂ ਨੇ, ਆਪਣੀ ਸਾਰੀ ਬਾਣੀ ਵੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ। ਧੁਰ ਕੀ ਬਾਣੀ ਜਦੋਂ ਵੀ ਗੁਰੂ ਜੀ ਨੂੰ ਆਉਂਦੀ ਸੀ ਉਹ ਲਿਖ ਲੈਂਦੇ ਸਨ। ਇਸ ਦਾ ਵਰਨਣ ਕਈ ਵਾਰ ਉਨ੍ਹਾਂ ਨੇ ਕੀਤਾ ਹੈ। ਧੁਰ ਕੀ ਬਾਣੀ ਜਿਸ ਪੋਥੀ ਵਿਚ ਉਹ ਲਿਖ ਲੈਂਦੇ ਸਨ। ਉਸ ਦਾ ਜਿਕਰ ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਵਿਚ ਇਉਂ ਕੀਤਾ ਹੈ: ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ। ਆਸਾ ਹੱਥ ਕਿਤਾਬ ਕੱਛ ਕੂਜਾਂ ਬਾਂਗ ਮੁੱਸਲਾ ਧਾਰੀ। ਦੂਜੀ ਵਾਰ ਵਿਚ ਭਾਈ ਗੁਰਦਾਸ ਜੀ ਏਸੇ ਕਿਤਾਬ ਵਲ ਇਸ਼ਾਰਾ ਕਰਦੇ ਹਨ ਜਦੋਂ ਮੱਕੇ ਵਿਚ ਹਾਜੀ ਗੁਰੂ ਜੀ ਨੂੰ ਸੁਆਲ ਕਰਦੇ ਹਨ: ਪੁੱਛਣ ਫੋਲ ਕਿਤਾਬ ਨੂੰ ਵਡਾ ਹਿੰਦੂ ਕਿ ਮੁਸਲਮਲੋਈ? ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਵੀ। ਸੋ ਗੁਰਿਆਈ ਬਖਸ਼ਣ ਸਮੇਂ ਆਪਣੀ ਸਾਰੀ ਬਾਣੀ ਪੋਥੀ ਰੂਪ ਵਿਚ ਉਨ੍ਹਾਂ ਨੇ ਗੁਰੂ ਅੰਗਦ ਜੀ ਦੇ ਹਵਾਲੇ ਕੀਤੀ। ਪੁਰਾਤਨ ਜਨਮ ਸਾਖੀ ਦੀ ਸਾਖੀ ਨੰ. 57 ਵਿਚ ਇਉ ਲਿਖਿਆ ਮਿਲਦਾ ਹੈ: ‘‘ਤਿਤੁ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗਿ ਮਿਲੀ। ਇਸ ਤਰ੍ਹਾਂ ਪ੍ਰਿਥੀ ਚੰਦ ਦੇ ਪੁਤਰ ਮਿਹਰਬਾਨ’ ਨੇ ਵੀ ਆਪਣੇ ਗ੍ਰੰਥ ‘‘ਪੋਥੀ ਸਚ ਖੰਡ’’ ਵਿਚ ਸਪਸ਼ਟ ਇਸ਼ਾਰਾ ਕੀਤਾ ਹੈ ਕਿ ਗੁਰੂ ਨਾਨਕ ਦੇਵ ਨੇ ਆਪਣੇ ਜੀਵਨ ਦਾ ਸਰਮਾਇਆ ਪੋਥੀ ਦੇ ਰੂਪ ਵਿਚ ਗੁਰੂ ਅੰਗਦ ਦੇ ਹਵਾਲੇ ਕੀਤਾ। ਗੁਰੂ ਨਾਨਕ ਗੁਰੂ ਅੰਗਦ ਨੂੰ ਗੁਰਗੱਦੀ ਦੀ ਜਿ਼ੰਮੇਵਾਰੀ ਸੌਂਪ ਕੇ 5 ਦਿਨ ਬਾਅਦ ਭਾਵ 7 ਸਤੰਬਰ 1539 ਨੂੰ ਜੋਤੀ ਜੋਤ ਸਮਾ ਗਏ। ਭਾਈ ਲਹਿਣਾ ਨੂੰ ਗੁਰਗੱਦੀ ਮਿਲਣ ‘ਤੇ ਬਾਬਾ ਸਿਰੀ ਚੰਦ ਤੇ ਬਾਬਾ ਲਖਸ਼ਮੀ ਦਾਸ ਨੇ ਕਾਫੀ ਰੋਸ ਪ੍ਰਗਟ ਕੀਤਾ। ਇਨ੍ਹਾਂ ਹਾਲਾਤਾਂ ਨੂੰ ਮੁੱਖ ਰਖ ਕੇ ਹੀ ਗੁਰੂ ਨਾਨਕ ਦੇਵ ਨੇ ਗੁਰੂ ਅੰਗਦ ਦੇਵ ਨੂੰ ਕਰਤਾਰਪੁਰ ਦੀ ਬਜਾਏ ਖਡੂਰ ਨੂੰ ਆਪਣੇ ਪ੍ਰਚਾਰ ਦਾ ਕੇਂਦਰ ਬਣਾਉਣ ਦੇ ਆਦੇਸ਼ ਦਿੱਤੇ ਸਨ। ਭਾਈ ਗੁਰਦਾਸ ਨੇ ਪਹਿਲੀ ਵਾਰ ਦੀ 46 ਪੌੜੀ ਵਿਚ ਫਰਮਾਉਂਦੇ ਹਨ: ਸੋ ਟਿੱਕਾ ਸੋ ਛਤਰ ਸਿਰ ਸੋਈ ਸਚਾ ਤਖਤ ਟਿਕਾਈ ਦਿਤਾ ਛਡ ਕਰਤਾਰਪੁਰ ਬੈਠ ਖਡੂਰ ਜੋਤਿ ਜਗਾਈ। ਕਰਤਾਰਪੁਰ ਤੋਂ ਆ ਕੇ ਕੁਝ ਦੇਰ ਤਾਂ ਉਹ ਬੀਬੀ ਭਰਾਈ ਜੀ ਦੇ ਘਰ ਗੁਪਤ ਰੂਪ ਵਿਚ ਰਹੇ ਅੰਗਦ ਦੇਵ ਜੀ ਦਾ ਇਹ ਅਗਿਆਤਵਾਸ ਦਾ ਸਮਾਂ ਲਗਭਗ ਛੇ ਮਹੀਨੇ ਰਿਹਾ ਸੀ ਜਦੋਂ ਸੰਗਤਾਂ ਵਿਚ ਖਬਰ ਪਹੁੰਚੀ ਕਿ ਸਤਿਗੁਰੂ ਨਾਨਕ ਦੀ ਦੂਜੀ ਜੋਤਿ, ਸਤਿਗੁਰੂ ਅੰਗਦ ਦੇਵ ਸਤਿਸੰਗਤ ਦਾ ਪਰਵਾਹ ਚਲਾਉਣਗੇ ਤਾਂ ਚਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ। ਸੰਗਤਾਂ ਦੇ ਉਦਮ ਨਾਲ ਕਰਤਾਰਪੁਰ ਵਿਚ ਇਕ ਧਰਮਸ਼ਾਲਾ ਵੀ ਬਣ ਗਈ ਜਿਥੇ ਲਗਾਤਾਰ ਦੀਵਾਨ ਸਜਦੇ ਤੇ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਦੀਆਂ। ਸੰਗਤ ਦੇ ਨਾਲ ਨਾਲ ਪੰਗਤ ਭਾਵ ਲੰਗਰ ਦੀ ਪ੍ਰਥਾ ਨੂੰ ਵੀ ਨਿਰੰਤਰਿਤ ਕੀਤਾ ਅਤੇ ਸੰਗਤ ਪੰਗਤ ਦੀ ਜੁਗਤ ਰਾਹੀਂ ਸਮਾਜ ਵਿਚ ਪਰਸਪਰ ਵਿਰੋਧ ਅਤੇ ਊਚ-ਨੀਚ ਦੀ ਭਾਵਨਾ ਨੂੰ ਖਤਮ ਕੀਤਾ। ਲੰਗਰ ਦਾ ਕੰਮ ਗੁਰੂ ਜੀ ਦੀ ਪਤਨੀ ਮਾਤਾ ਖੀਵੀ ਸੰਭਾਲਦੇ ਸਨ। ਮਾਤਾ ਖੀਵੀ ਦੀ ਲੰਗਰ ਸੇਵਾ ਦਾ ਵਰਨਣ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਇਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇ ਭਗਤ ਤੋਂ ਛੁਟ ਕਿਸੇ ਵਿਅਕਤੀ ਦੀ ਉਪਮਾ ਨਹੀਂ ਹੈ। ਸਿਰਫ ਦੋ ਥਾਵੇਂ, ਇਕ ਰਾਮਕਲੀ ਦੀ ਵਾਰ ਜੋ ਸਤੇ ਤੇ ਬਲਵੰਡ ਜੀ ਨੇ ਆਖੀ ਹੈ ਤੇ ਦੂਜੇ ‘‘ਰਾਮਕਲੀ ਸਦ’’ ਵਿਚ ਗੁਰੂ ਪਤਨੀ ਤੇ ਗੁਰੂ ਸੰਤਾਨ ਦੀ ਉਪਮਾ ਹੈ ।’’ ਰਾਮਕਲੀ ਸਦ’’ ਵਿਚ ਮੋਹਰੀ ਪੁਤਰ ਸਨਮੁਖ ਹੋਆ ਕਹਿ ਕੇ ਸਤਕਾਰਿਆ ਹੈ ਤੇ ਬਲਵੰਡ ਜੀ ਨੇ ਪੂਰੀ ਇਕ ਪਉੜੀ ਗੁਰੂ ਅੰਗਦ ਸਾਹਿਬ ਦੀ ਸੁਪਤਨੀ ਦੀ ਉਪਮਾ ਵਿਚ ਲਿਖੀ ਹੈ। ਪਏ ਕਬੂਲ ਖਸਮ ਨਾਲਿ, ਜਾਂ ਘਾਲ ਮਰਦੀ ਘਾਲੀ ਮਾਤਾ ਖੀਵੀ ਸਹੁ ਸੋਇ, ਜਿਨਿ ਗੋਇ ਉਠਾਲੀ।’ ਮਾਤਾ ਖੀਵੀ ਦੀ ਸੇਵਾ ਸਦਕਾ ਲੰਗਰ ਵਿਚ ਸਭ ਨੂੰ ਘਿਓ ਵਾਲੀ ਖੀਰ ਮਿਲਦੀ ਸੀ। ‘‘ਬਲਵੰਡ ਖੀਵੀ ਨੇਕ ਜਨ, ਜਿਸੁ ਬਹੁਤੀ ਛਾਉ ਪਤ੍ਰਾਲੀ। ਲੰਗਰ ਦਉਲਤ ਵੰਡੀਐ, ਰਸ ਅੰਮ੍ਰਿਤ ਖੀਰ ਘਿਆਲੀ। ਗੁਰ ਸਿੱਖਾਂ ਦੇ ਮੁਖ ਉਜਲੇ, ਮਨਮੁਖ ਥੀਏਂ ਪਰਾਲੀ। ਹਮਾਯੂੰ ਬਾਦਸ਼ਾਹ ਨਾਲ ਮੁਲਾਕਾਤ: ਹਮਾਯੂੰ ਬਾਬਰ ਦਾ ਵੱਡਾ ਪੁੱਤਰ ਸੀ। ਉਹ 26 ਦਸੰਬਰ ਸੰਨ 1530 ਈ. ਨੂੰ ਆਗਰੇ ਵਿਖੇ ਬਾਬਰ ਦੀ ਮੌਤ ਪਿੱਛੋਂ ਬਾਦਸ਼ਾਹ ਬਣਿਆ। ਉਹ ਸ਼ੇਰਸਾ਼ਹ ਸੂਰੀ ਪਾਸੋਂ ਹਾਰ ਖਾ ਪੰਜਾਬ ਵਲ ਨੱਸਿਆ। ਸੰਨ 1540 ਵਿਚ ਹਮਾਯੂੰ ਆਪਣੇ ਫੌਜੀ ਦਸਤੇ ਸਮੇਤ ਗੁਰੂ ਜੀ ਤੋਂ ਬਖਸ਼ਸ਼ ਲਈ ਖਡੂਰ ਸਾਹਿਬ ਪਹੁੰਚਿਆ। ਗੁਰੂ ਜੀ ਉਸ ਘੜੀ ਬੱਚਿਆਂ ਨੂੰ ਪੜ੍ਹਾਉਣ ਵਿਚ ਰੁਝੇ ਹੋਏ ਸਨ। ਗੁਰੂ ਜੀ ਨੇ ਹਮਾਯੂੰ ਦੀ ਆਮਦ ਵਲ ਧਿਆਨ ਨਾ ਦਿੱਤਾ। ਹਮਾਯੂੰ ਨੇ ਇਸਨੂੰ ਆਪਣਾ ਨਿਰਾਦਰ ਸਮਝਿਆ। ਗੁੱਸੇ ਵਿਚ ਉਸ ਦਾ ਹੱਥ ਤਲਵਾਰ ਦੀ ਮੁੱਠ ਵਲ ਵਧਿਆ। ਉਸ ਸਮੇਂ ਗੁਰੂ ਜੀ ਦਾ ਧਿਆਨ ਵੀ ਉਪਰ ਚਲਿਆ ਗਿਆ। ਉਹ ਮੁਸਕਰਾ ਕੇ ਕਹਿਣ ਲੱਗੇ। ‘‘ਜਦੋਂ ਮੈਦਾਨਿ ਜੰਗ ਵਿਚ ਤੈਨੂੰ ਸ਼ੇਰਸ਼ਾਹ ਸੂਰੀ ਦੇ ਮੁਕਾਬਲੇ ਤਲਵਾਰ ਚਲਾਉਣ ਦੀ ਲੋੜ ਸੀ ਉਸ ਵੇਲੇ ਤਾਂ ਚਲਾ ਨਾ ਸਕਿਆ, ਹੁਣ ਫਕੀਰਾਂ ਦਰਵੇਸ਼ਾਂ ਤੇ ਤਲਵਾਰ ਚਲਾਉਣੀ ਚਾਹੁੰਦਾ ਏਂ।’’ ਹਮਾਯੂੰ ਇਹ ਸ਼ਬਦ ਸੁਣ ਕੇ ਬੜਾ ਸ਼ਰਮਿੰਦਾ ਹੋਇਆ। ਉਸਨੇ ਗੁਰੂ ਜੀ ਦੇ ਚਰਨੀਂ ਮੱਥਾ ਟੇਕ ਆਪਣੀ ਭੁੱਲ ਬਖਸ਼ਾਈ। ਇਸਦਾ ਵਰਨਣ ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼’’ ਦੇ ਪੰਨਾ ਨੰਬਰ 1351 ਤੇ ਇਉਂ ਕਰਦੇ ਹਨ। ‘‘ਖੜ੍ਹਗ ਨ ਨਿਕਸਯੌ ਮਿਯਾਨ ਤੇ ਸੋ ਬਲ ਕਰ ਹਾਰਯੋ ਹਮ ਬੋਲੇ ਤਬ ਗੁਰੂ ਜੀ ਸੁਨ ਸਾਹਿ ਪਿਯਾਰਿਯੋ॥ ਸ਼ੇਰ ਸ਼ਾਹ ਕੇ ਸਾਹਮਣੇ ਬਲ ਲਾਇਓ ਕਿਥਾਂਏ ਪੀਰ ਫਕੀਰਨ ਪਰ ਚਹੈ, ਤੂੰ ਖੜਗ ਚਲਾਏ॥ ਗੁਰੂ ਅੰਗਦ ਦੇਵ ਜੀ ਨੇ ਬਾਣੀ ਦੀ ਰਚਨਾ ਬਹੁਤ ਘੱਟ ਕੀਤੀ ਹੈ। ਕੁਲ 63 ਸ਼ਲੋਕ ਉਨ੍ਹਾਂ ਦੇ ਨਾਂ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਨ। ਉਨ੍ਹਾਂ ਦੀ ਬਾਣੀ 9 ਵਾਰਾਂ ਦੀਆਂ ਪਉੜੀਆਂ ਨਾਲ ਸਲੋਕਾਂ ਦੇ ਰੂਪ ਵਿਚ ਖਿੰਡੀ ਹੋਈ ਹੈ । ਵੇਰਵਾ ਇਸ ਪ੍ਰਕਾਰ ਹੈ: ਸਿਰੀ ਰਾਗ ਦੀ ਵਾਰ=2 ਸਲੋਕ, ਮਾਝ ਦੀ ਵਾਰ=12 ਸਲੋਕ, ਆਸਾ ਦੀ ਵਾਰ= 15 ਸਲੋਕ, ਸੋਰਿਠ ਦੀ ਵਾਰ=1 ਸਲੋਕ, ਸੂਹੀ ਦੀ ਵਾਰ=11 ਸਲੋਕ, ਰਾਮ ਕਲੀ ਦੀ ਵਾਰ=7 ਸਲੋਕ, ਮਾਰੂ ਦੀ ਵਾਰ=1 ਸਲੋਕ, ਸਾਰੰਗ ਦੀ ਵਾਰ=9 ਸਲੋਕ, ਮਲਾਰ ਦੀ ਵਾਰ=5 ਸਲੋਕ। ਦੂਜੇ ਗੁਰੂਆਂ ਦੇ ਮੁਕਾਬਲੇ ਬਹੁਤ ਘਟ ਬਾਣੀ ਰਚੀ ਹੈ ਪਰ ਉਨ੍ਹਾਂ ਨੇ ਇਹਨਾਂ ਵਾਰਾਂ ਵਿਚ ਗੁਰਮਤਿ ਦੇ ਕੁਝ ਕੁ ਪੱਖਾਂ ਦੀ ਬੜੀ ਸੁੰਦਰ ਵਿਆਖਿਆ ਕੀਤੀ ਹੈ। ਉਨ੍ਹਾਂ ਦੀ ਭਾਸ਼ਾ ਬੜੀ ਸਰਲ ਹੈ। ਇਹਨਾਂ ਸਲੋਕਾਂ ਵਿਚ ਇਨਸਾਨੀ ਜੀਵਨ ਦੇ ਸਾਰੇ ਪਹਿਲੂਆਂ ਉਤੇ ਵਿਚਾਰ ਨਹੀਂ ਕੀਤੀ ਗਈ। ਇਸ ਲਈ ਉਹ ਸਿੱਖਾਂ ਦੀਆਂ ਔਕੜਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਰਾਹੀਂ ਹਲ ਕਰਦੇ ਸਨ ਕਿਉਂ ਜੋ ਉਹਨਾਂ ਪਾਸ ਗੁਰੂ ਦੀ ਸਾਰੀ ਬਾਣੀ ਮੌਜੂਦ ਸੀ। ਗੁਰੂ ਅੰਗਦ ਦੇਵ ਦੇ ਸਲੋਕਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦੀ ਸਾਂਝ ਤਾਂ ਹੋਣੀ ਹੀ ਸੀ ਪਰ ਸ਼ਬਦਾਵਲੀ ਦਾ ਅਸਰ ਵੀ ਪ੍ਰਤਖ ਹੈ: ਭੁਖਿਆ ਭੁਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ’’ (ਗੁਰੂ ਨਾਨਕ ਦੇਵ ਜੀ-ਜਪੁ) ਭੁਖਿਆ ਭੁਖ ਨਾ ਉਤਰੇ ਗਲੀ ਭੁਖ ਨਾ ਜਾਇ॥ ਨਾਨਕ ਭੁਖ ਤਾਂ ਰਜੈ ਜੇ ਗੁਣ ਕਹਿ ਗੁਣੀ ਸਮਾਇ॥ (ਗੁਰੂ ਅੰਗਦ ਦੇਵ ਜੀ-ਮਾਝ ਦੀ ਵਾਰ) ਉਨ੍ਹਾਂ ਨੇ ਆਪਣੇ ਭਾਵ-ਪ੍ਰਕਾਸ਼ਨ ਲਈ ਦਲੀਲ ਤੋਂ ਕੰਮ ਲਿਆ ਹੈ। ਪਰਮਾਤਮਾ ਨੂੰ ਮਿਲਣ ਲਈ ਹੁਕਮ ਦੀ ਪਛਾਣ ਦੀ ਲੋੜ ਨੂੰ ਦਰਸਾਉਂਦੇ ਹੋਏ ਉਹ ਲਿਖਦੇ ਹਨ। ਅਖੀ ਬਾਝਹੁ ਵੇਖਣਾ, ਵਿਣ ਕੰਨਾਂ ਸੁਨਣਾ। ਪੈਰਾਂ ਬਾਝਹੁ ਚਲਣਾ,ਵਿਣ ਹੱਥਾ ਕਰਣਾ। ਜੀਭੈ ਬਾਝਹੁ ਬੋਲਣਾ, ਇਉਂ ਜੀਵਤ ਮਰਣਾ। ਨਾਨਕ ਹੁਕਮ ਪਛਾਣਿ ਕੈ ਤਉ ਖਸਮੈ ਮਿਲਣਾ। ਗੁਰੂ ਗ੍ਰੰਥ ਸਾਹਿਬ ਪੰਨਾ 139 ਗੁਰੂ ਨਾਨਕ ਦੇਵ ਜੀ ਲਈ ਉਹਦਾ ਇਤਨਾ ਸਤਿਕਾਰ ਸੀ ਕਿ ਉਨ੍ਹਾਂ ਦੇ ਜੋਤੀ ਜੋਤਿ ਸਮਾਉਣ ਦੀ ਘੜੀ ਉਨ੍ਹਾਂ ਲਈ ਅਸਹਿ ਸੀ। ਉਹ ਆਪਣੀ ਹੋਂਦ ਨੂੰ ਗੁਰੂ ਤੋਂ ਬਿਨਾਂ ਨਿਰਾਰਥਕ ਸਮਝਦੇ ਹਨ। ਹੇਠ ਲਿਖੇ ਸਲੋਕ ਤੋਂ ਉਹਦੇ ਵੈਰਾਗ ਦਾ ਅਹਿਸਾਸ ਸਹਿਜ ਵਿਚ ਹੋ ਜਾਂਦਾ ਹੈ। ਜਿਸ ਪਿਆਰੇ ਸਿਉ ਨੇਹ ਤਿਨ ਆਗੈ ਮਰਿ ਚਲੀਐ ਧ੍ਰਿਗ ਜੀਵਣ ਸੰਸਾਰ ਤਾ ਕੈ ਪਾਛੈ ਜੀਵਣਾ। ਗੁਰੂ ਗ੍ਰੰਥ ਸਾਹਿਬ ਪੰਨਾ 831 ਗੁਰੂ ਨੂੰ ਚਾਨਣ ਮੁਨਾਰਾ ਸਮਝਦੇ ਹੋਇਆਂ, ਉਸਤੋਂ ਬਿਨਾਂ ਹਰ ਪਾਸੇ ਘੁਪ ਹਨੇਰਾ ਹੀ ਵਿਆਪਤ ਦਸਦੇ ਹਨ ਭਾਵਂੇ ਸੈਂਕੜੇ ਚੰਦਰਮਾ ਅਤੇ ਹਜ਼ਾਰਾਂ ਸੂਰਜ ਕਿਉਂ ਨਾ ਚੜ੍ਹੇ ਹੋਣ। ਜੇ ਸਉ ਚੰਦਾ ਉਗਵਹਿ ਸੂਰਜ, ਚੜ੍ਹਹਿ ਹਜ਼ਾਰ। ਏਤੇ ਚਾਨਣ ਹੋਂਦਿਆ ਗੁਰ ਬਿਨ ਘੋਰ ਅੰਧਾਰ। ਵਾਰ ਆਸਾ ਗੁਰੂ ਗ੍ਰੰਥ 463 ‘ਹਉਮੈ’ ਨੂੰ ਸਾਰੇ ਵਿਕਾਰਾਂ ਦਾ ਮੂਲ ਦੱਸਿਆ ਹੈ। ਇਹ ਇਕ ਦੀਰਘ ਰੋਗ ਹੈ। ਪਰ ਚਿੰਤਾ ਦੀ ਕੋਈ ਗੱਲ ਨਹੀਂ, ਇਸਦਾ ਇਲਾਜ ਵੀ ਹੈ। ਜਦੋਂ ਗੁਰੂ ਕ੍ਰਿਪਾ ਕਰਦਾ ਹੈ ਤਾਂ ਉਸਦੀ ਸ਼ਬਦ-ਸਾਧਨਾ ਰਾਹੀਂ ‘ਹਉਮੈ’ ਦਾ ਦੁੱਖ ਵੀ ਕਟਿਆ ਜਾਂਦਾ ਹੈ। ‘ਹਉਮੈ’ ਦੀਰਘ ਰੋਗੁ ਹੈ ਦਾਰੂ ਵੀ ਇਸ ਮਾਹਿ। ਗੁਰਮੁਖੀ ਲਿਪੀ ਦਾ ਸੁਧਾਰ:ਗੁਰੂ ਨਾਨਕ ਜੀ ਦੇ ਸਮੇਂ ਮੁਸਲਮਾਨੀ ਸਭਿਆਚਾਰ ਦਾ ਲੋਕਾਂ ਦੇ ਦਿਲਾਂ ‘ਤੇ ਕਾਫੀ ਪ੍ਰਭਾਵ ਸੀ। ਸਿੱਟੇ ਵਜੋਂ ਲੋਕਾਂ ਦਾ ਖਾਣ-ਪੀਣ, ਧਰਮ ਪਹਿਰਾਵਾ ਅਤੇ ਬੋਲੀ ਮੁਸਲਮਾਨੀ ਸਭਿਆਚਾਰ ਦੇ ਗੁਲਾਮ ਹੋ ਚੁੱਕੇ ਸਨ। ਇਸਦੀ ਪ੍ਰੋੜਤਾ ਗੁਰੂ ਨਾਨਕ ਦੇਵ ਜੀ ਦੇ ਇਹਨਾਂ ਕਥਨਾਂ ਤੋਂ ਹੁੰਦੀ ਹੈ। ਖਤ੍ਰੀਆ ਤ ਧਰਮ ਛੋਡਿਆ, ਮਲੇਛ ਭਾਖਿਆ ਗਹੀ (ਗੁ. ਗ੍ਰੰ. ਪੰਨਾ 663) ਗੁਰਬਾਣੀ ਲਿਖਣ ਵਾਸਤੇ ਸਭ ਤੋਂ ਢੁਕਵੀਂ ਲਿੱਪੀ ਗੁਰਮੁਖੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲਿਪੀ ਦਾ ਸੁਧਾਰ ਹੀ ਨਹੀਂ ਕੀਤਾ ਬਲਕਿ ਇਸਨੂੰ ਪ੍ਰਚਲਤ ਕਰਨ ਵਿਚ ਵੀ ਪੂਰੇ ਯਤਨ ਕੀਤੇ। ਉਨ੍ਹਾਂ ਨੇ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਚਾਲੂ ਕੀਤੇ ਜਿਥੇ ਗੁਰਮੁਖੀ ਪੜ੍ਹਾਈ ਜਾਂਦੀ ਸੀ। ਗੁਰਮੁਖੀ ਲਿਪੀ ਵਿਚ ਪੰਜਾਬੀ ਦਾ ਸਭ ਤੋਂ ਪਹਿਲਾ ਕਾਇਦਾ ਗੁਰੂ ਜੀ ਨੇ ਲਿਖਿਆ। ਅਖਰ ਰਚ ਕੇ ਗੁਰਮੁਖੀ ਫਿਰ ਸਿਖਨ ਪੜਾਏ॥ ਗੁਰ ਕੀ ਬਾਣੀ ਘਰੁ ਕਥਾ ਇਲਮੇ ਲਿਖਵਾਏ॥ (ਪੰਥ ਪ੍ਰਕਾਸ਼) ਉਦਾਸੀ ਸੰਪਰਦਾ ਦੇ ਪ੍ਰਭਾਵ ਤੋਂ ਸਿੱਖੀ ਨੂੰ ਬਚਾਉਣਾ:ਬਾਬਾ ਸਿਰੀ ਚੰਦ ਜੀ ਉਦਾਸੀ ਸੰਪਰਦਾ ਦਾ ਬਹੁਤ ਪ੍ਰਚਾਰ ਕਰ ਰਹੇ ਸਨ। ਗੁਰੂ ਨਾਨਕ ਦੇ ਸਪੂਤ ਹੋਣ ਕਾਰਨ ਵੀ ਲੋਕਾਂ ਦੇ ਦਿਲਾਂ ਤੇ ਉਨ੍ਹਾਂ ਦਾ ਕਾਫੀ ਪ੍ਰਭਾਵ ਪੈ ਰਿਹਾ ਸੀ। ਇਸਦੇ ਵਿਪਰੀਤ ਗੁਰੂ ਜੀ ਗੁਰਸਿੱਖਾਂ ਨੂੰ ਗ੍ਰਹਿਸਥੀ ਤੇ ਭਗਤੀ ਕਰਨ ਦੀ ਪ੍ਰੇਰਨਾ ਦਿੰਦੇ ਸਨ ਉਥੇ ਬਾਬਾ ਸਿਰੀ ਚੰਦ ਸਭ ਕੁਝ ਤਿਆਗ ਕੇ ਉਦਾਸੀ ਸੰਪਰਦਾ ਦਾ ਪ੍ਰਚਾਰ ਕਰ ਰਹੇ ਸਨ। ਸਿੱਖਾਂ ਨੂੰ ਉਦਾਸੀ ਮਤ ਤੋਂ ਬਚਾਉਣ ਲਈ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਿਧਾਂਤ ਨੂੰ ਪੂਰੀ ਤਰ੍ਹਾਂ ਪਰਚਾਰਿਆ। ਉਨ੍ਹਾਂ ਦੀਆਂ ਅਣਥਕ ਘਾਲਣਾਵਾਂ ਸਦਕਾ ਸੰਗਤ ਉਦਾਸੀ ਸੰਪਰਦਾ ਦੇ ਪ੍ਰਭਾਵ ਤੋਂ ਬਹੁਤ ਹਦ ਤੱਕ ਬਚ ਗਈ। ਆਤਮਕ ਬਲ ਦੇ ਨਾਲ ਨਾਲ ਸਰੀਰਕ ਬਲ ਵਲ ਉਚੇਚਾ ਧਿਆਨ ਦਿੱਤਾ। ਗੁਰੂ ਅੰਗਦ ਦੇਵ ਨੇ ਖਡੂਰ ਸਾਹਿਬ ਵਿਚ ਇਕ ਅਖਾੜਾ ਬਣਾਇਆ ਜਿਸ ਦਾ ਨਾਂ ‘ਮਲ ਅਖਾੜਾ’ ਰਖਿਆ ਗਿਆ। ਇਸ ਅਖਾੜੇ ਵਿਚ ਉਹ ਹਰ ਰੋਜ਼ ਬੱਚਿਆਂ ਦੀਆਂ ਕੁਸ਼ਤੀਆਂ ਕਰਾਉਂਦੇ ਤੇ ਨੌਜਵਾਨਾਂ ਨੂੰ ਕੁਸ਼ਤੀਆਂ ਕਰਨ ਤੇ ਹੋਰ ਕਸਰਤਾਂ ਕਰਨ ਲਈ ਪ੍ਰੇਰਦੇ। ਉਹ 12 ਸਾਲ 9 ਮਹੀਨੇ ਤੇ 17 ਦਿਨ ਗੁਰਗੱਦੀ ‘ਤੇ ਬਿਰਾਜਮਾਨ ਰਹੇ। 29 ਮਾਰਚ 1552, ਉਮਰ 47 ਵਰ੍ਹੇ, 11 ਮਹੀਨੇ 29 ਦਿਨ ਭੋਗ ਕੇ ਖਡੂਰ ਸਾਹਿਬ ਵਿਚ ਹੀ ਜੋਤੀ ਜੋਤ ਸਮਾਏ। ਸਿੱਖਾਂ ਵਿਚੋਂ ਇਨ੍ਹਾਂ ਦੀ ਪਰਖ ਦੀ ਕਸਵੱਟੀ ਤੇ ਬਾਬਾ ਅਮਰਦਾਸ ਹੀ ਪੂਰੇ ਨਿਤਰੇ। ਉਹ ਰਿਸ਼ਤੇ ਵਿਚ ਉਨ੍ਹਾਂ ਦੀ ਪੁੱਤਰੀ ਬੀਬੀ ਅਮਰੋ ਦੇ ਪਤਿਔਰੇ ਲਗਦੇ ਸਨ। ਦਾਸੂ ਤੇ ਦਾਤੂ ਦੀ ਈਰਖਾ ਕਾਰਨ ਉਨ੍ਹਾਂ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਜਾ ਕੇ ਪ੍ਰਚਾਰ ਲਈ ਹੁਕਮ ਦਿੱਤਾ। ਗੁਰੂ ਅਮਰਦਾਸ ਨੇ ਗੋਇੰਦਵਾਲ ਜਾ ਸਿੱਖੀ ਦਾ ਧੁਰਾ ਵਸਾਇਆ।

ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਦੇਵ ਜੀ ਸਿੱਖਾ ਦੇ ਮੋਢੀ ਗੁਰੂ ਸਨ। ਇਨ੍ਹਾਂ ਦਾ ਜਨਮ ੨੦ ਅਕਤ੍ਬ੍ਰ 1469 ਨੂੰ ਪਾਕਿਸਤਾਨ ਵਿਖੇ ਰਾਇ-ਭੋਇ ਦੀ ਤਲਵੰਡੀ ਵਿੱਚ ਹੋਇਆ। ਤਲਵੰਡੀ ਦਾ ਚੌਧਰੀ ਰਾਇ ਬੁਲਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨਿੰਨ ਸੇਵਕ ਹੋਇਆ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਧਰਤੀ ’ਤੇ ਹੋਣ ਤੋਂ ਪਹਿਲਾਂ ਰਾਇ ਬੁਲਾਰ ਉਸੇ ਰਾਤ ਨੂੰ ਇਕ ਸੁਪਨਾ ਦੇਖਦਾ ਹੈ, ਜਿਸ ਨੂੰ ਨਨਕਾਇਣ ਦਾ ਕਰਤਾ ਬਹੁਤ ਸੁੰਦਰ ਸ਼ਬਦਾਂ ਵਿਚ ਅੰਕਿਤ ਕਰਦਾ ਹੈਉਂ ਚੀ ਮਾੜੀ ਆਪਣੀ ਸੁੱਤਾ ਰਾਇ ਬੁਲਾਰ। ਅੱਲ੍ਹਾ ਅਕਬਰ ਆਖ ਕੇ ਬਰੜਾਇਆ ਤ੍ਰੈ ਵਾਰ। ਬੇਗ਼ਮ ਝੂਟ ਜਗਾਇਆ ਪੁੱਛਿਆ ਨਾਲ ਪਿਆਰ। ਕੀ ਤਕਦਾ ਹਾਂ ਖ਼ਾਬ ਵਿਚ ਬੋਲਿਆ ਤੇ ਵਿਚਕਾਰ। ਅਸਮਾਨਾਂ ਤੋਂ ਟੁੱਟ ਕੇ ਤਾਰਾ ਇਕ ਬਲਕਾਰ। ਤਲਵੰਡੀ ’ਤੇ ਡਿਗਿਆ ਚਮਕ ਅਜਾਇਬ ਮਾਰ। ਵਗ ਪਿਆ ਵਿਚ ਬਾਰ ਦੇ ਨੂਰਾਂ ਦਾ ਦਰਿਆ। ਰੁੜ੍ਹਿਆ ਜਾਵਾਂ ਉਸ ਵਿਚ ਕੰਢਾ ਹੱਥ ਨਾ ਆਵੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਇਹੀ ਪ੍ਰਕਾਸ਼-ਰੂਪੀ ਤਾਰਾ ਪਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੀ ਗੋਦ ਵਿਚ ਚਮਕਣ ਲੱਗ ਪਿਆ। ਇਸੀ ਤਾਰੇ ਨੂੰ ਗੁਰਬਾਣੀ ਵਿਚ ‘ਚਰਾਗੁ’ ਕਿਹਾ ਗਿਆ ਹੈ। ਇਸ ਚਿਰਾਗ ਸਦਕੇ ਹੀ ਅੰਧਕਾਰ ਵਿਚ ਪ੍ਰਕਾਸ਼ ਹੋਇਆ। ਕਲਯੁੱਗ ਵਿਚ ਨਾਮ ਧਰਮ ਦੀ ਚਰਚਾ ਚੱਲੀ। ਸਾਰੇ ਭਵਨਾਂ ਵਿਚ ਪਾਰਬ੍ਰਹਮ ਦਾ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੁਸ਼ਨਾਈ ਫੈਲ ਗਈ: ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ॥ (ਪੰਨਾ 1387) ਭਾਈ ਗੁਰਦਾਸ ਜੀ ਨੇ ਇਸ ਪ੍ਰਕਾਸ਼ ਨੂੰ ਆਪਣੇ ਸ਼ਬਦਾਂ ਵਿਚ ਸੂਰਜ ਕਿਹਾ, ਕਿਉਂਕਿ ਸੂਰਜ ਦਾ ਪ੍ਰਕਾਸ਼ ਐਸਾ ਹੁੰਦਾ ਹੈ ਜਿਸ ਨਾਲ ਹਰ ਇਕ ਕੋਨੇ ਵਿਚ ਪਸਰਿਆ ਹੋਇਆ ਹਨੇਰਾ ਖੰਭ ਲਾ ਕੇ ਉਂਡ ਜਾਂਦਾ ਹੈ। ਸੂਰਜ ਦੇ ਤੇਜ਼ ਪ੍ਰਕਾਸ਼ ਨਾਲ ਹਰ ਤਰਫ਼ ਫੈਲੀ ਹੋਈ ਧੁੰਧ ਵੀ ਮਿਟ ਜਾਂਦੀ ਹੈ: ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ। ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ। (ਵਾਰ 1;27) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੋਣ ਨਾਲ ਧਰਤੀ ’ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ, ਅਗਿਆਨਤਾ ਦੀ ਧੁੰਧ ਦਾ ਪਸਾਰਾ ਵੀ ਖ਼ਤਮ ਹੋਣ ਲੱਗਾ। ਇਸ ਧਰਤੀ ਤੋਂ ਨਵੇਂ ਰਾਗ ਬੋਧ ਸੰਗੀਤ ਦੇ ਵਾਜੇ ਵੱਜਣ ਲੱਗੇ। ਜੋਗੀ-ਜੰਗਮ, ਇੰਦ੍ਰ, ਭਗਤ ਪ੍ਰਹਿਲਾਦ, ਬ੍ਰਹਮਾ ਦੇ ਪੁੱਤਰ ਸਨਕ, ਸਨੰਦਨ, ਸਨਤ ਕੁਮਾਰ, ਸਨਾਤਨ ਆਦਿ ਸਭ ਗਾਉਣ ਲੱਗੇ: ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ॥ ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ॥ ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥ (ਪੰਨਾ 1389) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਸੰਸਾਰ ਅੰਦਰ ਖਾਸ ਤੌਰ ’ਤੇ ਭਾਰਤ ਵਰਸ਼ ਦੀ ਅੰਦਰੂਨੀ ਹਾਲਤ ਮੰਦਭਾਗੀ ਸੀ। ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਦਾ ਅੰਦਾਜ਼ਾ ਉਥੋਂ ਦੀ ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਧਾਰਮਿਕ ਹਾਲਤ ਤੋਂ ਲਾਇਆ ਜਾਂਦਾ ਹੈ। ਭਾਰਤ ਇਨ੍ਹਾਂ ਚਾਰੇ ਪ੍ਰਸਥਿਤੀਆਂ ਵਿਚ ਆਪਣੇ ਅਸਲੀ ਵਜੂਦ ਨੂੰ ਖੋਹ ਚੁੱਕਾ ਸੀ। ਧਰਮ ਦੇ ਆਗੂ ਆਪਣਾ ਧੀਰਜ ਖੋਹ ਚੁੱਕੇ ਸਨ। ਕਾਜ਼ੀ, ਬ੍ਰਾਹਮਣ ਅਤੇ ਜੋਗੀ ਤਿੰਨੇ ਹੀ ਲੋਕਾਈ ਨੂੰ ਕੁਰਾਹੇ ਪਾ ਰਹੇ ਸਨ। ਇਸ ਲਈ ਇਨ੍ਹਾਂ ਤਿੰਨਾਂ ਨੂੰ ਗੁਰੂ ਜੀ ਨੇ ਕਰੜੇ ਸ਼ਬਦਾਂ ਰਾਹੀਂ ਨਿੰਦਿਆ ਹੈ: ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (ਪੰਨਾ 662) ਧਰਮ ਦਾ ਵਿਵਹਾਰ ਵਰਣ-ਵਿਵਸਥਾ ਵਿਚ ਵੰਡਿਆ ਗਿਆ। ਵਰਣ-ਆਸ਼ਰਮ ਵਿਵਸਥਾ ਜਿਸ ਮਨੋਰਥ ਜਾਂ ਆਦਰਸ਼ ਲਈ ਆਰੰਭ ਕੀਤੀ ਗਈ ਸੀ ਉਹ ਵਿਲੀਨ ਹੋ ਗਈ ਸੀ। ਸਮਾਜ ਵਿਚ ਬ੍ਰਾਹਮਣਾਂ ਦਾ ਰੁਤਬਾ ਵਧਦਾ ਗਿਆ ਜਿਸ ਨਾਲ ਨੀਵੀਆਂ ਜਾਤਾਂ ਦਾ ਜੀਵਨ ਨਰਕ ਬਣ ਗਿਆ। ਉਨ੍ਹਾਂ ਦੀ ਹਾਲਤ ਦਿਨ-ਪ੍ਰਤੀਦਿਨ ਨਿਘਰਦੀ ਗਈ। ਉਨ੍ਹਾਂ ਦੇ ਵਿਕਾਸ ਦੇ ਦਰਵਾਜ਼ੇ ਬੰਦ ਹੋ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਾਹੀਂ ਜ਼ੋਰਦਾਰ ਸ਼ਬਦਾਂ ਵਿਚ ਬ੍ਰਾਹਮਣਵਾਦ ਨੂੰ ਨਕਾਰ ਕੇ ਨੀਚ ਕਹੇ ਜਾਂਦੇ ਲੋਕਾਂ ਦੀ ਬਾਂਹ ਫੜੀ ਅਤੇ ਫ਼ੁਰਮਾਇਆ: ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਪੰਨਾ 15) ਗੁਰੂ ਜੀ ਨੇ ਊਚ-ਨੀਚ ਦਾ ਭੇਦ ਮਿਟਾ ਕੇ ਸਮਾਨਤਾ ਤੇ ਭਰਾਤਰੀ-ਭਾਵ ਦਾ ਪ੍ਰਚਾਰ ਕੀਤਾ। ਇਸ ਤਰ੍ਹਾਂ ਰਸਮਾਂ-ਰਿਵਾਜਾਂ, ਮੂਰਤੀ-ਪੂਜਾ, ਯੱਗਾਂ, ਊਚ-ਨੀਚ ਅਤੇ ਜਾਤ-ਪਾਤ ਦੇ ਵਿਤਕਰੇ, ਕਰਮਕਾਂਡ, ਪੂਜਾ, ਅਨੇਕਾਂ ਵਹਿਮਾਂ-ਭਰਮਾਂ, ਸ਼ੰਕਿਆਂ, ਅੰਧ-ਵਿਸ਼ਵਾਸਾਂ ਅਤੇ ਬਾਹਰੀ ਆਚਾਰਾਂ-ਵਿਹਾਰਾਂ ਨੇ ਇਥੋਂ ਦੇ ਪ੍ਰਚੱਲਤ ਧਰਮ ਨੂੰ ਵਿਕਰਤ ਕਰ ਦਿੱਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਦੀ ਇਸ ਵਾਸਤਵਿਕਤਾ ਨੂੰ ਬਾਣੀ ਰਾਹੀਂ ਨਕਾਰਾਤਮਕ ਸਿੱਧ ਕੀਤਾ। ਕਿਸੇ ਸਮੇਂ ਵਿਸ਼ਵ ਨੂੰ ਪ੍ਰਭਾਵਿਤ ਕਰਨ ਵਾਲੇ ਧਰਮ ਦੇ ਦਾਰਸ਼ਨਿਕ ਪ੍ਰਭਾਵ ਸਮੇਂ ਦੇ ਬੀਤਣ ਨਾਲ ਕੁਰੀਤੀਆਂ ਦਾ ਸ਼ਿਕਾਰ ਹੋ ਗਏ ਸਨ। ਪਰਮਾਤਮਾ ਦੇ ਸਰੂਪ ਨੂੰ ਗੁੰਝਲਦਾਰ ਬਣਾ ਦਿੱਤਾ ਗਿਆ ਸੀ। ਪਰਮਾਤਮਾ ਨੂੰ ਮੰਦਰਾਂ ਵਿਚ ਕੈਦ ਕਰ ਦਿੱਤਾ ਗਿਆ ਸੀ। ਹਿੰਦੂਆਂ ਦੇ ਨਾਲਨਾਲ ਬੋਧੀ ਵੀ ਮੂਰਤੀਆਂ ਦੀ ਪੂਜਾ ਕਰਨ ਲੱਗੇ। ਇਕ ਸਮਾਂ ਅਜਿਹਾ ਆਇਆ ਕਿ ਮੂਰਤੀਆਂ ਦੀ ਸੰਖਿਆ ਹਿੰਦੂਆਂ ਨਾਲੋਂ ਵਧ ਗਈ ਸੀ। ਧਾਰਮਿਕ ਹਾਲਤ ਨਿੱਘਰੀ ਹੋਈ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਅਧੋਗਤੀ ਦਾ ਗੰਭੀਰਤਾ ਨਾਲ ਅਧਿਐਨ ਕੀਤਾ ਅਤੇ ਜਗਤ-ਜਲੰਦੇ ਨੂੰ ਠਾਰਣ ਲਈ ਮਾਨਵੀ ਚੇਤਨਾ ਨੂੰ ਜਾਗ੍ਰਿਤ ਕਰਨ ਲਈ ਤਿੰਨ ਉਦਾਸੀਆਂ ਦਾ ਇਕ ਲੰਮਾ ਪ੍ਰੋਗਰਾਮ ਉਲੀਕਿਆ ਤਾਂ ਜੋ ਜ਼ੁਲਮਾਂ ਥੱਲੇ ਦੱਬੀ ਹੋਈ ਮਨੁੱਖਤਾ ਨੂੰ ਸਾਰਥਿਕ ਜੀਵਨ-ਮਾਰਗ ਲਈ ਨਵੀਂ ਸੇਧ ਪ੍ਰਾਪਤ ਹੋ ਸਕੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬੀ ਏਕਤਾ ਅਤੇ ਮਾਨਵੀ ਚੇਤਨਾ ਨਾਲ ਲੋਕਾਈ ਨੂੰ ਜਾਗ੍ਰਿਤ ਕੀਤਾ। ਗੁਰੂ ਜੀ ਨੇ ਰਾਜਸੀ ਸਮਾਜਿਕ ਜ਼ਬਰ ਵਿਰੁੱਧ ਜਹਾਦ ਕੀਤਾ। ਰੱਤ ਪੀਣੇ ਰਾਜਿਆਂ ਨੂੰ ਅਤੇ ਉਨ੍ਹਾਂ ਦੇ ਭ੍ਰਿਸ਼ਟ ਕਰਮਚਾਰੀ ਵਰਗ ਦੀ ਕਰੜੇ ਸ਼ਬਦਾਂ ਰਾਹੀਂ ਆਲੋਚਨਾ ਕੀਤੀ: ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍‍ ਿਬੈਠੇ ਸੁਤੇ॥ ਚਾਕਰ ਨਹਦਾ ਪਾਇਨ੍‍ ਿਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ 1288) ਉਸ ਸਮੇਂ ਦੀ ਰਾਜਨੀਤੀ ਧਾਰਮਿਕ ਅੰਨ੍ਹੇਪਣ ਦੀ ਦਾਸੀ ਬਣੀ ਹੋਈ ਸੀ। ਮੁਸਲਮਾਨਾਂ ਦਾ ਅਸਲ ਮਨੋਰਥ ਹਿੰਦੁਸਤਾਨ ਵਿਚ ਮੁਸਲਮਾਨੀ ਰਾਜ ਸਥਾਪਿਤ ਕਰਨ ਦੇ ਨਾਲ-ਨਾਲ ਆਪਣੇ ਧਰਮ ਨੂੰ ਵੀ ਸਥਾਪਿਤ ਕਰਨਾ ਸੀ। ਉਹ ‘ਅੱਲ੍ਹਾ ਹੂ’ ਦੀ ਗੂੰਜ ਧਾਰਮਿਕ ਸਥਾਨਾਂ ਵਿਚ ਸੁਣਨਾ ਚਾਹੁੰਦੇ ਸਨ। ਭਾਰਤੀ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਂਦਾ ਸੀ। ਇਕ ਦਿਨ ਵਿਚ ਹੀ ਲੱਖਾਂ ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਲੋਕਾਂ ਦੀ ਨਾ ਤਾਂ ਜਾਨ ਸੁਰੱਖਿਅਤ ਸੀ ਅਤੇ ਨਾ ਹੀ ਸੰਪਤੀ। ਮੈਕਾਲਿਫ਼ ਨੇ ਲਿਖਿਆ ਹੈ ਕਿ ਫਿਰੋਜ਼ ਤੁਗ਼ਲਕ ਨੇ ਮਾਲਵਾ ਨਗਰ ਨੂੰ ਦੋ ਵਾਰੀ ਇਸ ਤਰ੍ਹਾਂ ਲੁੱਟਿਆ ਕਿ ਸ਼ਹਿਰ ਵਿਚ ਮਿੱਟੀ ਤੋਂ ਇਲਾਵਾ ਕੁਝ ਨਜ਼ਰ ਨਹੀਂ ਸੀ ਆਉਂਦਾ। ਭਾਰਤੀਆਂ ਨੂੰ ਉਂਚ ਅਹੁਦਿਆਂ ਤੋਂ ਵਾਂਝੇ ਰੱਖਿਆ ਜਾਂਦਾ ਸੀ। ਬਹੁਤ ਭੇਦ-ਭਾਵ ਕੀਤਾ ਜਾਂਦਾ ਸੀ। ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ। ਜਨਤਾ ਬੇਚੈਨ ਹਿਰਦੇ ਨਾਲ ਅਸਲੀ ਸ਼ਾਂਤੀ ਨੂੰ ਲੱਭਣ ਦੀ ਤਲਾਸ਼ ਵਿਚ ਸੀ। ਗੁਰੂ ਨਾਨਕ ਦੇਵ ਜੀ ਦੀਆਂ ਸੰਸਾਰ ਯਾਤਰਾਵਾਂ(ਉਦਾਸੀਆਂ) ਭਾਰਤੀ ਜਨਤਾ ਦੀ ਦਰਦਨਾਕ ਹਾਲਤ ਨੂੰ ਤੱਕਦੇ ਹੋਏ ਆਪ ਜੀ ਨੇ ਮੋਦੀਖਾਨੇ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੀਨ-ਦੁਖੀਆਂ ਦੀ ਸਹਾਇਤਾ ਲਈ ਇਕ ਲੰਮੇਰੀ ਸੰਸਾਰ-ਯਾਤਰਾ ਲਈ ਕਮਰਕੱਸੇ ਕਰ ਕੇ ਸੰਸਾਰ-ਯਾਤਰਾ ਆਰੰਭੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੈਵੀ ਸੰਦੇਸ਼ ਨੂੰ ਸਮਸਤ ਲੋਕਾਈ ਵਿਚ ਪ੍ਰਚਾਰਨ ਹਿਤ ਸੰਸਾਰ-ਯਾਤਰਾ ਆਰੰਭ ਕੀਤੀ, ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ: ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ 1;24) ਗੁਰੂ ਜੀ ਵਿਸ਼ਾਲ ਭਾਰਤ ਦੇ ਹਰ ਕੋਨੇ ’ਤੇ ਪਹੁੰਚੇ। ਉਨ੍ਹਾਂ ਮੱਧ ਪੂਰਬ ਵਿਚ ਸਥਿਤ ਇਸਲਾਮੀ ਦੇਸ਼ਾਂ ਦੇ ਲੱਗਭਗ ਸਾਰੇ ਧਰਮ ਕੇਂਦਰਾਂ ਉਂਤੇ ਜਾ ਕੇ ਵਿਵਿਧ ਪ੍ਰਕਾਰ ਦੀਆਂ ਭਾਰਤੀ ਤੇ ਸ਼ਾਮੀ ਧਰਮੀ ਪਰੰਪਰਾਵਾਂ ਨੂੰ ਨੇੜੇ ਹੋ ਕੇ ਵੇਖਿਆ। ਉਨ੍ਹਾਂ ਨੇ ਦਾਰਸ਼ਨਿਕ ਆਧਾਰਾਂ ਤੇ ਅਭਿਆਸ ਪ੍ਰਣਾਲੀਆਂ ਦਾ ਅਧਿਐਨ ਕੀਤਾ ਅਤੇ ਅਗਿਆਨ-ਗ੍ਰਸਤ ਲੋਕਾਂ ਨੂੰ ਕਿਰਿਆਚਾਰੀ ਖੰਡ ਅਤੇ ਰਿੱਧੀਆਂ-ਸਿੱਧੀਆਂ ਅਥਵਾ ਕਰਮਕਾਂਡਾਂ, ਕਰਾਮਾਤਾਂ ਆਦਿ ਦੀ ਨਿਰਾਰਥਕਤਾ ਦੱਸ ਕੇ ਇਨ੍ਹਾਂ ਨੂੰ ਤਿਆਗਣ ਅਤੇ ਇਕ ਅਕਾਲ ਪੁਰਖ ਦੀ ਓਟ ਵਿਚ ਸੰਜਮਮਈ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੱਤੀ। ਆਪ ਜੀ ਦੀ ਲੋਕ ਉਧਾਰਣ ਦੀ ਜੁਗਤੀ ਇਹ ਸੀ ਕਿ ਆਪ ਕਿਸੇ ਧਰਮ ਉਤਸਵ ’ਤੇ ਇਕੱਤਰ ਹੋਏ ਲੋਕਾਂ ਵਿਚ ਜਾ ਕੇ ਅਨੋਖੇ ਨਾਟਕੀ ਅੰਦਾਜ਼ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਅਤੇ ਉਨ੍ਹਾਂ ਦੇ ਫੋਕਟ ਕਰਮਾਂ ਦਾ ਖੰਡਨ ਕਰ ਕੇ ਉਨ੍ਹਾਂ ਨੂੰ ਸਤਿ ਵਿਵਹਾਰ ਕਰਨ ਦੀ ਸਿੱਖਿਆ-ਦੀਖਿਆ ਦੇਂਦੇ। ਅਨੇਕਾਂ ਹੀ ਉਦਾਹਰਣਾਂ ਆਪ ਜੀ ਦੇ ਜੀਵਨ ਵਿੱਚੋਂ ਮਿਲਦੀਆਂ ਹਨ। ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਦੀ ਬਜਾਇ ਆਪ ਜੀ ਨੇ ਇਸ ਕਰਮ ਦੀ ਨਿਰਾਰਥਕਤਾ ਦਰਸਾਉਣ ਲਈ ਪੱਛਮ ਵੱਲ ਆਪਣੇ ਖੇਤਾਂ ਨੂੰ ਪਾਣੀ ਦੇਣਾ ਸ਼ੁਰੂ ਕੀਤਾ। ਲੋਕਾਈ ਦੇ ਇਸ ਭਰਮ ਨੂੰ ਰਹੱਸਮਈ ਢੰਗ ਨਾਲ ਖੰਡਨ ਕਰ ਕੇ ਗੁਰੂ ਜੀ ਨੇ ਲੋਕਾਂ ਨੂੰ ਵੀ ਪਰਮਾਤਮਾ ਦੇ ਰਾਹੇ ਤੋਰਿਆ। ਪਹਿਲੀ ਉਦਾਸੀ ਪੂਰਬ ਦੀ ਇਨ੍ਹਾਂ ਉਦਾਸੀਆਂ ਵਿੱਚੋਂ ਪਹਿਲੀ ਉਦਾਸੀ ਬਹੁਤ ਲੰਮੇਰੀ ਸੀ। ਪ੍ਰੋ. ਸਾਹਿਬ ਗੁਰਮਤਿ ਪ੍ਰਕਾਸ਼ 12 ਨਵੰਬਰ 2007 ਸਿੰਘ ਜੀ ਅਨੁਸਾਰ ਭਾਦਰੋਂ ਸੰਮਤ 1564 ਤੋਂ 1572 (8 ਸਾਲ) ਸੰਨ 1507 ਤੋਂ 1515 ਈ. ਤਕ ਦੀ ਇਹ ਯਾਤਰਾ ਸੀ। ਇਸ ਯਾਤਰਾ ਦੌਰਾਨ ਆਪ ਜੀ ਨੇ ਛੇ-ਸੱਤ ਹਜ਼ਾਰ ਮੀਲ ਦਾ ਸਫ਼ਰ ਕੀਤਾ। ਇਸ ਉਦਾਸੀ ਵਿਚ ਆਪ ਜੀ ਨੇ ਪ੍ਰਸਿੱਧ ਹਿੰਦੂ ਤੀਰਥਾਂ ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ, ਬਨਾਰਸ, ਗਯਾ, ਜਗਨਨਾਥਪੁਰੀ, ਮਦੁਰਾਈ, ਰਾਮੇਸ਼੍ਵਰਮ, ਸੋਮਨਾਥ, ਦਵਾਰਕਾ, ਪੁਸ਼ਕਰ, ਮਥਰਾ, ਬਿੰਦਰਾਬਨ ਅਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮ, ਆਸਾਮ, ਬੰਗਾਲ, ਉੜੀਸਾ, ਦਰਾਵੜ ਦੇਸ਼ ਬੰਬਈ, ਔਰੰਗਾਬਾਦ, ਉਜੈਨ, ਕੱਛ, ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ। ਇਸ ਉਦਾਸੀ ਦੌਰਾਨ ਹੀ ਸਤਿਗੁਰੂ ਜੀ ਨੇ ਆਪਣੇ ਅਧਿਆਤਮਕ ਅਨੁਭਵਾਂ ਨੂੰ ਇਕ ਸੁਨਿਸ਼ਚਿਤ ਤੇ ਵਿਧੀਵਤ ਜੀਵਨਦਰਸ਼ਨ ਦਾ ਰੂਪ ਦਿੱਤਾ ਅਤੇ ਇਸ ਦੇ ਪ੍ਰਚਾਰ ਲਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ। ਇਸ ਉਦਾਸੀ ਤੋਂ ਵਾਪਸ ਆ ਕੇ ਆਪ ਜੀ ਆਪਣੇ ਕੁਝ ਕੁ ਪ੍ਰਮੁੱਖ ਸਿੱਖ ਸ਼ਰਧਾਲੂਆਂ ਦੀ ਸਹਾਇਤਾ ਨਾਲ ਗੁਰਦਾਸਪੁਰ ਜ਼ਿਲ੍ਹੇ ਵਿਚ ਰਾਵੀ ਦੇ ਕੰਢੇ ’ਤੇ ਇਕ ਨਵਾਂ ਪਿੰਡ ਕਰਤਾਰਪੁਰ ਵਸਾਇਆ। ਜਦੋਂ ਇਥੇ ਇਕ ਛੋਟੀ ਜਿਹੀ ਧਰਮਸ਼ਾਲ ਬਣ ਗਈ ਤਾਂ ਆਪ ਜੀ ਦੇ ਮਾਤਾ-ਪਿਤਾ ਵੀ ਇਥੇ ਹੀ ਆ ਗਏ। ਭਾਈ ਮਰਦਾਨਾ ਜੀ ਦਾ ਪਰਵਾਰ ਵੀ ਇਥੇ ਹੀ ਆ ਵੱਸਿਆ। ਕੁਝ ਚਿਰ ਸਤਿਗੁਰੂ ਜੀ ਨਗਰ ਵਸਾਉਣ ਦੇ ਆਹਰ ਵਿਚ ਰੁੱਝੇ ਰਹੇ ਪਰੰਤੂ ਛੇਤੀ ਹੀ ਦੂਜੀ ਉਦਾਸੀ ਲਈ ਚੱਲ ਪਏ। ==ਦੂਜੀ ਉਦਾਸੀ ਉੱਤਰ ਦੀ== ਦੂਜੀ ਉਦਾਸੀ ਦੋ-ਤਿੰਨ ਕੁ ਸਾਲਾਂ ਦੀ ਸੀ। ਪ੍ਰੋ. ਸਾਹਿਬ ਸਿੰਘ ਅਨੁਸਾਰ ਇਹ ਉਦਾਸੀ ਸੰਨ 1517 ਤੋਂ 1518 ਤਕ ਦੀ ਸੀ। ਇਸ ਉਦਾਸੀ ਦੌਰਾਨ ਗੁਰਦੇਵ ਨੇ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੀਤੀ। ਆਪ ਗਿਆਨ ਕੋਟ ਅਤੇ ਜੰਮੂ ਤੋਂ ਹੁੰਦੇ ਹੋਏ ਪਹਿਲਾਂ ਵੈਸ਼ਨੋ ਦੇਵੀ ਗਏ, ਫਿਰ ਮਟਨ ਵਿਚ ਅਮਰਨਾਥ ਤੇ ਉਸ ਤੋਂ ਵੀ ਪਰ੍ਹੇ ਬਰਫ਼ਾਂ ਲੱਦੀ ਪਰਬਤ ਮਾਲਾ ਉਂਤੇ, ਜਿਥੇ ਕੁਝ ਸਿੱਧਾਂ ਨਾਲ ਆਪ ਜੀ ਦਾ ਸੰਵਾਦ ਹੋਇਆ। ਭਾਈ ਗੁਰਦਾਸ ਜੀ ਦਾ ਕਥਨ ਹੈ: -ਫਿਰਿ ਜਾਇ ਚੜ੍ਹਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟਿ ਆਈ। (ਵਾਰ 1;28) -ਸਬਦਿ ਜਿਤੀ ਸਿਧਿ ਮੰਡਲੀ...। (ਵਾਰ 1;31) ਤੀਜੀ ਉਦਾਸੀ ਪੱਛਮ ਦੀ ਤੀਜੀ ਉਦਾਸੀ (ਸੰਨ 1518 ਤੋਂ 1521) ਤਕ ਹੈ, ਆਪ ਜੀ ਕਰਤਾਰਪੁਰ ਤੋਂ ਪੱਛਮ (ਮੱਧ ਪੂਰਬ) ਦੇ ਦੇਸ਼ਾਂ ਦੀ ਯਾਤਰਾ ਲਈ ਚੱਲੇ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ: ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ। (ਵਾਰ 1;32) ਓਪਰੀਆਂ ਧਰਤੀਆਂ ਓਪਰੇ ਲੋਕ ਪਰ ਸਤਿਗੁਰੂ ਜੀ ਨੂੰ ਤਾਂ ਕੁਝ ਵੀ ਓਪਰਾ ਨਹੀਂ ਸੀ ਲੱਗਦਾ। ਸਾਰੇ ਹੀ ਆਪਣੇ ਸਨ। ਇਸ ਵਾਰ ਆਪ ਜੀ ਕਰਤਾਰਪੁਰ ਤੋਂ ਗੁਰਮਤਿ ਪ੍ਰਕਾਸ਼ 13 ਨਵੰਬਰ 2007 ਤੁਰੇ ਤਾਂ ਕਸੂਰ, ਪਾਕਪਟਨ, ਤੁਲੰਭਾ, ਮੁਲਤਾਨ, ਬਹਾਵਲਪੁਰ, ਸ਼ੱਖਰ ਆਦਿ ਕਈ ਥਾਵਾਂ ਤੋਂ ਹੁੰਦੇ ਹੋਏ ਮੁਸਲਿਮ ਹਾਜ਼ੀਆਂ ਦੇ ਕਾਫ਼ਿਲੇ ਵਿਚ ਸ਼ਾਮਿਲ ਹੋ ਕੇ ਮਕਰਾਨ ਦੇ ਇਲਾਕੇ ਵਿਚ ਪੁੱਜੇ। ਫਿਰ ਮੱਕੇ ਗਏ। ਮੱਕੇ ਹਾਜ਼ੀਆਂ ਨਾਲ ਗੁਰੂ ਜੀ ਦਾ ਵਿਚਾਰ-ਵਟਾਂਦਰਾ ਹੋਇਆ। ਰੁਕਨਦੀਨ ਨਾਲ ਬਹਿਸ ਹੋਈ। ਉਸ ਨੂੰ ਆਪਣੀ ਖੜਾਂਵ ਨਿਸ਼ਾਨੀ ਦਿੱਤੀ। ਫਿਰ ਮਦੀਨੇ ਗਏ, ਫਿਰ ਬਸਰੇ ਤੇ ਬਸਰੇ ਤੋਂ ਕਰਬਲਾ, ਫਿਰ ਬਗ਼ਦਾਦ। ਇਸ ਦਾ ਵਰਨਣ ਭਾਈ ਗੁਰਦਾਸ ਜੀ ਨੇ ਕੀਤਾ ਹੈ: ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ। ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। (ਵਾਰ 1;35) ਰਾਗ ਨੂੰ ਹਰਾਮ ਸਮਝੇ ਜਾਣ ਵਾਲੇ ਸ਼ਹਿਰ ਵਿਚ ਕੀਰਤਨ, ਸੱਤ ਜ਼ਿਮੀਂ, ਅਸਮਾਨ ਮੰਨਣ ਵਾਲਿਆਂ ਨੂੰ ‘ਪਾਤਾਲਾ ਪਾਤਾਲ, ਲਖ ਆਗਾਸਾ ਆਗਾਸ’ ਦੱਸਦੇ ਹੋਏ ਫਿਰ ਬਗ਼ਦਾਦ ਤੋਂ ਇਸਫਰਾਨ, ਤਹਿਰਾਨ, ਮਸਤੱਕ ਬੁਖ਼ਾਰਾ ਤੇ ਸਮਰਕੰਦ ਹੁੰਦੇ ਹੋਏ ਕਾਬੁਲ ਤੇ ਜਲਾਲਾਬਾਦ ਦੇ ਰਸਤੇ ਰਾਵਲਪਿੰਡੀ ਦੇ ਲਾਗੇ ਹਸਨ ਅਬਦਾਲ ਪੁੱਜੇ। ਫਿਰ ਐਮਨਾਬਾਦ ਤੋਂ ਕਰਤਾਰਪੁਰ। ਇਸ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਲਿਮ ਵਿਸ਼ਵਾਸਾਂ, ਰਹੁਰੀਤਾਂ ਤੇ ਧਰਮ-ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ। ਐਮਨਾਬਾਦ ਬਾਬਰ ਦਾ ਹਮਲਾ ਹੋਇਆ, ਜਿਸ ਦਾ ਵਰਣਨ ਆਪ ਜੀ ਨੇ ਆਪਣੀ ਬਾਣੀ ਵਿਚ ਕੀਤਾ। ਕਰਤਾਰਪੁਰ ਨਿਵਾਸ ਆਪਣੇ ਜੀਵਨ ਦੇ ਅੰਤਿਮ ਅੱਠ-ਦਸ ਵਰ੍ਹੇ ਆਪ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ। ਜਿਥੇ ਆਪ ਜੀ ਨਿਤਨੇਮ, ਕਥਾ-ਕੀਰਤਨ ਤੇ ਭਜਨ-ਬੰਦਗੀ ਕਰਦੇ ਅਤੇ ਹਰ ਕਿਸੇ ਨੂੰ ਪ੍ਰਭੂ ਹੁਕਮ ਅਨੁਸਾਰ ਜੀਵਨ ਬਿਤਾਉਣ ਤੇ ਸਤਿਨਾਮ ਦਾ ਅਭਿਆਸ ਕਰਨ ਦੀ ਸਿਖਿਆ ਦੇਂਦੇ। ਇਥੇ ਹੀ ਆਪ ਜੀ ਦਾ ਦੀਦਾਰ ਕਰਨ ਭਾਈ ਲਹਿਣਾ ਜੀ ਆਏ। ਦੀਦਾਰ ਐਸਾ ਹੋਇਆ ਕਿ ਜੋਤੀ ਜੋਤਿ ਰਲੀ। ਦੋਵੇਂ ਇਕ ਜੋਤ ਹੋ ਗਏ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਨਿਬੜੇ। 7 ਸਤੰਬਰ, ਸੰਨ 1539 ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤਿ ਰੂਪੀ ਨੂਰ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਵਿਚ ਟਿਕਾ ਕੇ ਅਕਾਲ ਸਤਿ ਵਿਚ ਸਮਾ ਗਏ: ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥

Sant Baba Jawala Singh Ji Maharaj Harkhowal Wale

ਧੰਨ ਧੰਨ 108 ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ www.DSGharkhowal.com ਧੰਨ ਧੰਨ 108 ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ 108 Sant Baba Jawala Singh Ji Maharaj Harkhowal Wale
ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦਾ ਜਨਮ 21 ਵੈਸਾਖ ਸੰਨ 1946 ਬਿਕ੍ਰਮੀ ਮੁਤਾਬਿਕ 3 ਮਈ 1889 ਈਸਵੀ ਦਿਨ ਐਤਵਾਰ ਨੂੰ ਜ਼ਿਲਾ ਹੁਸਿਆਰਪੁਰ ਦੇ ਪਿੰਡ ਲੰਗੇਰੀ ਵਿਚ ਹੋਇਆ । ਆਪ ਦੇ ਪਿਤਾ ਜੀ ਦਾ ਨਾਮ ਸ: ਨਾਰਾਇਣ ਸਿੰਘ ਅਤੇ ਮਾਤਾ ਜੀ ਦਿ ਨਾਮ ਬੀਬੀ ਰਾਜ ਕੌਰ ਸੀ । ਪਿੰਡ ਲੰਗੇਰੀ ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਭਾਈ ਕੁਮਾ ਸਿੰਘ ਨੇ ਵਸਾਇਆ ਸੀ । ਭਾਈ ਕੁਮਾ ਸਿੰਘ ਸਤਿਗੁਰੂ ਦੇ ਲਾਂਗਰੀ ਇਸ ਲਈ ਇਸ ਪਿੰਡ ਦਾ ਨਾਂ ਸ਼ਬਦ ਲਾਂਗਰੀ ਤੋ ਲੰਗੇਰੀ ਪੈ ਗਿਆ । ਉੱਘੇ ਬੱਬਰ ਅਕਾਲੀ ਜਥੇਦਾਰ ਪਿਆਰਾ ਸਿੰਘ ਕੈਨੇਡੀਅਨ ਵੀ ਇਸ ਪਿੰਡ ਦੇ ਹੋਏ ਹਨ । ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਸਰਗਰਮ ਹਿੱਸਾ ਲਿਆ ਅਤੇ ਉਮਰ ਕੈਦ ਕੱਟੀ । ਜਥੇਦਾਰ ਪਿਆਰਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਦੇ ਮੈਬਰ ਵੀ ਰਹੇ । ਲੰਗੇਰੀ ਪਿੰਡ ਦੇ ਹੀ ਹੋਰ ਵਸਨੀਕਾਂ ਭਾਈ ਦਇਆ ਸਿੰਘ (ਜੋ ਸੰਤ ਜਵਾਲਾ ਸਿੰਘ ਜੀ ਦੇ ਛੋਟੇ ਭਾਈ ਸਨ) ਸੰਤ ਬਾਬਾ ਜਵਾਲਾ ਸਿੰਘ ਜੀ 1907 ਵਿਚ ਫੌਜ ਵਿਚ ਭਰਤੀ ਹੋ ਗਏ । ਉਸ ਵੇਲੇ ਆਪ ਦੀ ਉਮਰ 18 ਸਾਲ ਦੀ ਸੀ। ਫੌਜ ਦੀਆਂ ਸਾਰੀਆਂ ਸਿੱਖ ਪਲਟਨਾਂ ਦਾ ਡੇਰਾ ਹੋਤੀ ਮਰਦਾਨ ਨਾਲ ਬਹੁਤ ਪਿਅਰ ਸੀ। ਉਥੇ ਆਪ ਨੇ ਸੰਤ ਬਾਬਾ ਆਇਆ ਸਿੰਘ ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ । ਲੰਗੇਰੀ ਪਿੰਡ ਕਿਸ ਤਰ੍ਹਾਂ ਵੱਸਿਆ ? ਸ: ਕੁਮਾ ਸਿੰਘ ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਲਾਂਗਰੀ ਸਨ ਜੋ ਕਿ ਨਾਮ ਬਾਣੀ ਦੇ ਰਸੀਏ ਸਨ, ਸ਼ੁਭ ਗੁਣਾਂ ਦੇ ਧਾਰਣੀ ਤੇ ਸੋਹਣੀ ਦਿਖ ਵਾਲੇ ਸਨ । ਉਹ ਸਤਿਗੁਰਾਂ ਦੇ ਪ੍ਰੇਮ ਵਿਚ ਤੇ ਨਾਮ 'ਚ ਲਿਵ ਜੋੜ ਕੇ ਸੇਵਾ ਕਰਦੇ ਸਨ । ਅੱਠੇ ਪਹਿਰ ਸੇਵਾ ਕਰਦੇ ਤੇ ਗੁਰੂ ਜੀ ਦੀ ਆਗਿਆ ਵਿਚ ਰਹਿੰਦੇ । ਜਦੋ ਸੇਵਾ ਦਰ-ਕਬੂਲ ਹੋਈ ਤਾਂ ਸਤਿਗੁਰੂ ਜੀ ਨੇ ਕੋਲ ਬੁਲਾ ਕੇ ਨਦਰੋ ਨਿਹਾਲ ਕੀਤਾ ਤੇ ਭਗਤੀ ਵਿਚ ਬਾਰਾਂ-ਬੰਨੀ ਦਾ ਰੰਗ ਚਾੜ੍ਹ ਦਿੱਤਾ । ਜਦੋ ਹਜ਼ੂਰ ਨੇ ਪੁਛਿਆ ਕਿ ਤੇਰਾ ਤੇ ਤੇਰੇ ਪਿੰਡ ਦਾ ਕੀ ਨਾਂ ਹੈਤੇ ਕਿਸ ਹਲਕੇ ਦਾ ਵਸਨੀਕ ਹੈ ? ਤਾਂ ਭਾਈ ਕੁਮਾ ਸਿੰਘ ਨੇ ਕਿਹਾ 'ਇਲਾਕਾ ਸੀਰੋਵਾਲ ਕਸਬਾ ਮਾਹਿਲਪੁਰ ਨੇੜੇ ਪਿੰਡ ਸੁਕਰੁਲੀ ਹੈ ਤੇ ਪੱਤੀ ਭਗਵਈਆ ਦਾ ਵਸਨੀਕ ਹਾਂ। ਇਹ ਛੋਟਾ ਜਿਹਾ ਨਗਰ ਹੈ । ਸਤਿਗੁਰੂ ਜੀ ਦਾ ਬਚਨ ਹੋਇਆ,'ਸਿੱਖਾ, ਪਿੰਡ ਦਾ ਨਾਂ ਤੂੰ ਆਪਣੇ ਨਾਂ ਪਰ ਰੱਖ। ਤੇਰੀ ਸੇਵਾ ਸਤਿਗੁਰੂ ਦੇ ਦਰ ਤੇ ਥਾਂਇ ਪਈ ਹੈ। ਹੁਣ ਆਪ ਨਾਮ ਜਪੋ ਤੇ ਹੋਰਨਾਂ ਨੂੰ ਜਪਾਉ।' ਸੋ ਭਾਈ ਕੁਮਾ ਸਿੰਘ ਜੀ ਨੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਆਪਣੇ ਨਾਂ ਦੀ ਬਜਾਏ ਹਉ ਦਾ ਤਿਆਗ ਕਰਦਿਆਂ ਗੁਰੂ ਜੀ ਦਾ ਲਾਂਗਰੀ ਹੋਣ ਦੀ ਹੈਸੀਅਤ ਕਰਕੇ ਪਿੰਡ ਦਾ ਨਾਂ ਲੰਗੇਰੀ ਰਖਿਆ ਤੇ ਪਿੰਡ ਦੀ ਸਾਜਣਾ ਵਿਚ ਜ਼ੋਰ ਸ਼ੋਰ ਨਾਲ ਲਗਾ ਦਿੱਤਾ । ਜਦੋ ਬਾਬਾ ਕੁਮਾ ਸਿੰਘ ਜੀ ਨੂੰ ਗੁਰੂ ਜੀ ਦੇ ਦਰਸ਼ਨਾ ਦੀ ਤਾਂਘ ਉਤਪੰਨ ਹੋਈਤਾਂ ਦਮਦਮਾ ਸਾਹਿਬ (ਗੁਰੂ ਕੀ ਕਾਂਸ਼ੀ) ਪਹੁੰਚੇ ਤੇ ਪਾਵਨ ਦਰਸ਼ਨ ਕੀਤੇ । ਸਤਿਗੁਰਾਂ ਨੇ ਬਾਬਾ ਕੁਮਾ ਸਿੰਘ ਨੂੰ ਪਿੰਡ ਦੇ ਨਾਂ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਹਜ਼ੂਰ ਪਿੰਡ ਦਾ ਨਾਂ ਆਪ ਦਾ ਲਾਂਗਰੀ ਹੋਣ ਦੀ ਹੈਸੀਅਤ ਵਿਚ ਲੰਗੇਰੀ ਰਖਿਆ ਹੈ । ਸਤਿਗੁਰੂ ਜੀ ਨੇ ਖੁਸ਼ ਹੋ ਕੇ ਪਿੰਡ ਨੂੰ ਵਰ ਦਿੱਤੇ ਕਿ ਇਹ ਸਦਾ ਚੜ੍ਹਦੀਆਂ ਕਲਾਂ ਵਿਚ ਰਹੇਗਾਂ, ਕਈ ਨਾਮ-ਰਸੀਰੇ ਮਹਾਂਪੁਰਸ਼ ਇਥੇ ਨੀਵਾਸ ਕਰਨਗੇ ਅਤੇ ਉਨੀ੍ਵੀਂ ਸਦੀ ਵਿਚ ਮੇਰਾ ਮਾਨਿਸ ਸਰੂਪ, ਸਿੱਖੀ ਸਰੂਪ ਵਿਚ ਪ੍ਰਗਟ ਹੋ ਕੇ ਸੰਸਾਰੀ ਜੀਵਾਂ ਨੂੰ ਸਿੱਖੀ ਵਲ ਪ੍ਰੇਰਿਤ ਕਰੇਗਾ । ਬਾਬਾ ਕੁਮਾ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਹੱਥੋਂ ਅੰਮਿ੍ਤ ਛਕ ਕੇ ਸਿੰਘ ਸਜੇ ਸਨ, ਜਿਨ੍ਹਾਂ ਨੇ ਲੰਗਰ ਦੀ ਸੇਵਾ ਕਰਕੇ ਪੂਰਨ-ਪਦ ਦੀ ਪ੍ਰਾਪਤੀ ਕੀਤੀ ਤੇ ਜਨਮ ਸਫਲਾ ਕੀਤਾ । ਬਾਬਾ ਕੁਮਾ ਸਿੰਘ ਜੀ ਦੇ ਘਰ ਗੁਰੂ ਦੀ ਬਖਸ਼ੀਸ਼ਾਂ ਸਦਕਾ ਇਕ ਪੁਤੱਰ ਨੇ ਜਨਮ ਲਿਆ, ਜਿਸ ਨਾਂ ਬਹਾਦਰ ਰਖਿਆ ਗਿਆ । ਬਹਾਦਰ ਸਿੰਘ ਸਜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦੇ ਭੌਰੇ ਬਣੇ ਤੇ ਤੱਤ ਖਾਲਸੇ ਦੇ ਕਈ ਯੁਧਾਂ ਵਿਚ ਆਪ ਵਦ-ਚੜ੍ਹ ਕੇ ਹਿੱਸਾ ਲੈਂਦੇ ਸਨ । ਆਪ ਨੇ ਬੱਸੀ ਦੇ ਪਠਾਣਾਂ ਨੂੰ ਖਾਲਸੇ ਨਾਲ ਮਿਲ ਕੇ ਚੰਗੀ ਤਰ੍ਹਾਂ ਸੋਧਿਆ । ਬਾਬਾ ਬਹਾਦਰ ਸਿੰਘ ਜੀ ਦੇ ਦੋ ਸਪੁਤਰ ਬਾਬਾ ਕਾਲਾ ਸਿੰਘ ਤੇ ਬਾਬਾ ਆਲਾ ਸਿੰਘ ਜੀ ਸਨ । ਅਗੋਂ ਆਲਾ ਸਿੰਘ ਜੀ ਦੇ ਛੇ ਪੁੱਤਰ - ਗੁਲਾਬ ਸਿੰਘ, ਹਮੀਰ ਸਿੰਘ, ਵਜ਼ੀਰ ਸਿੰਘ, ਹਾਕਮ ਸਿੰਘ, ਹੀਰਾ ਸਿੰਘ ਤੇ ਖਜ਼ਾਨ ਸਿੰਘ ਜੀ ਸਨ । ਬਾਬਾ ਕਾਲਾ ਸਿੰਘ ਜੀ ਦੇ ਪੁਤੱਰ ਸ: ਨਾਰਾਇਣ ਸਿੰਘ ਦੇ ਪੁਤੱਰ ਸਨ ਬਾਬਾ ਜਵਾਲਾ ਸਿੰਘ ਜੀ ਮਾਹਾਰਾਜ ਨਾਮ-ਰਸੀਏ, ਪੂਰਨ ਬ੍ਰਹਮਗਿਅਨੀ ਸਨ । ਹੋਤੀ ਮਰਦਾਨ ਸੰਪ੍ਰਦਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਦਗ਼ਾ ਸਿੰਘ ਜੀ ਬਾਬਾ ਸੋਭਾ ਸਿੰਘ ਜੀ ਬਾਬਾ ਸਾਹਿਬ ਸਿੰਘ ਜੀ ਉਨਾ ਸਾਹਿਬ ਵਾਲੇ ਸਾਹਿਬ ਬਾਬਾ ਭਾਗ ਸਿੰਘ ਜੀ ਸਾਹਿਬ ਬਾਬਾ ਬੀਰ ਸਿੰਘ ਜੀ (ਵਿਰੱਕਤ) ਸਾਹਿਬ ਬਾਬਾ ਕਰਮ ਸਿੰਘ ਜੀ ਸਾਹਿਬ ਬਾਬਾ ਆਇਆ ਸਿੰਘ ਜੀ ਸਾਹਿਬ ਬਾਬਾ ਜਵਾਲਾ ਸਿੰਘ ਜੀ (ਹਰਖੋਵਾਲ)